ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸੇ ਸੰਘਰਸ਼ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ 26 ਮਈ ਨੂੰ ਕਾਲੇ ਦਿਨ ਵਜੋਂ ਮਨਾਇਆ ਗਿਆ। ਇਸ ਦੇ ਚੱਲਦਿਆਂ ਬਰਨਾਲਾ 'ਚ ਵੀ ਕਿਸਾਨਾਂ ਵਲੋਂ ਕਾਲੇ ਦਿਨ ਵਜੋਂ ਮਨਾਇਆ ਗਿਆ। ਇਸ ਮੌਕੇ ਬਰਨਾਲਾ 'ਚ 32 ਕਿਸਾਨ ਜਥੇਬੰਦੀਆਂ ਦੇ ਰੇਲਵੇ ਸਟੇਸ਼ਨ 'ਤੇ ਲੱਗੇ ਪੱਕੇ ਕਿਸਾਨ ਮੋਰਚੇ ਵਿੱਚ ਸਾਰੇ ਕਿਸਾਨ, ਔਰਤਾਂ ਅਤੇ ਨੌਜਵਾਨ ਕਾਲੇ ਪਹਿਰਾਵੇ ਪਾ ਕੇ ਮੋਰਚੇ 'ਚ ਸ਼ਾਮਲ ਹੋਏ। ਔਰਤਾਂ ਨੇ ਕਾਲੀਆਂ ਚੁੰਨੀਆਂ ਅਤੇ ਕਿਸਾਨਾਂ ਨੇ ਕਾਲੀਆਂ ਪੱਗਾਂ, ਚੋਲੇ ਅਤੇ ਪੱਟੀਆਂ ਬੰਨ੍ਹ ਕੇ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਕਰਨੈਲ ਸਿੰਘ ਗਾਂਧੀ ਅਤੇ ਮੇਲਾ ਸਿੰਘ ਕੱਟੂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਦੇਸ਼ ਭਰ ਦੇ ਕਿਸਾਨ 26 ਮਈ ਨੂੰ ਕਾਲੇ ਦਿਨ ਦੇ ਤੌਰ 'ਤੇ ਮਨਾ ਰਹੇ ਹਨ। ਜਿਸ ਤਹਿਤ ਉਨ੍ਹਾਂ ਵੱਲੋਂ ਪਿੰਡਾਂ-ਸ਼ਹਿਰਾਂ 'ਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਹਨ। ਘਰਾਂ, ਵਾਹਨਾਂ ਅਤੇ ਮੋਰਚਿਆਂ ਵਿੱਚ ਕਾਲੇ ਝੰਡੇ ਲਹਿਰਾਏ ਗਏ ਹਨ।