ਬਰਨਾਲਾ:ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਪੱਧਰੀ ਮੀਟਿੰਗ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਵਿੱਚ ਫ਼ੈਸਲਾ ਕੀਤਾ ਗਿਆ ਹੈ, ਕਿ ਚੱਲ ਰਹੇ ਕਿਸਾਨ ਸੰਘਰਸ਼ ਦਰਮਿਆਨ 15 ਅਗਸਤ ਨੂੰ ਕਿਸਾਨ ਮਜ਼ਦੂਰ ਮੁਕਤੀ ਸੰਘਰਸ਼ ਦਿਵਸ ਵਜੋਂ ਮਨਾਇਆ ਜਾਵੇਗਾ।
ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ, ਕਿ ਇਸ ਮੌਕੇ ਦੇਸੀ-ਵਿਦੇਸ਼ੀ ਧੜਵੈਲ ਕਾਰਪੋਰੇਟਾਂ ਨੂੰ ਮੁਲਕ 'ਚੋਂ ਬਾਹਰ ਕਰਨ ਦੀ ਮੰਗ ਉਠਾਈ ਜਾਵੇਗੀ ਅਤੇ ਕਿਸਾਨਾਂ ਮਜ਼ਦੂਰਾਂ ਦੀ ਹਰ ਕਿਸਮ ਦੀ ਲੁੱਟ ਤੋਂ ਮੁਕਤੀ ਲਈ ਸੰਘਰਸ਼ ਦਾ ਝੰਡਾ ਹੋਰ ਬੁਲੰਦ ਕਰਨ ਦਾ ਸੱਦਾ ਦਿੱਤਾ ਜਾਵੇਗਾ। ਇਸ ਦਿਨ ਸੂਬੇ ਅੰਦਰ ਅਜਿਹੇ ਕਾਰਪੋਰੇਟਾਂ ਦੇ ਕਾਰੋਬਾਰਾਂ ਅਤੇ ਭਾਜਪਾ ਆਗੂਆਂ ਦੀਆਂ ਰਿਹਾਇਸ਼ਾਂ ਅੱਗੇ ਚੱਲ ਰਹੇ ਨਾਕਿਆਂ 'ਤੇ ਵਿਸ਼ੇਸ਼ ਤੌਰ 'ਤੇ ਅਡਾਨੀ ਸੈਲੋ ਗੋਦਾਮ ਡਗਰੂ (ਮੋਗਾ), ਅਡਾਨੀ ਸੋਲਰ ਪਾਵਰ ਪਲਾਂਟ ਬਠਿੰਡਾ ਅਤੇ ਟੋਲ ਪਲਾਜ਼ਾ ਕਾਲਾਝਾੜ ਵਿਖੇ ਵੱਡੇ ਇਕੱਠ ਕੀਤੇ ਜਾਣਗੇ।
ਇਨ੍ਹਾਂ ਇਕੱਠਾਂ ਵਿੱਚ ਕਿਸਾਨਾਂ 'ਤੇ ਖੇਤ ਮਜ਼ਦੂਰਾਂ ਤੋਂ ਇਲਾਵਾਂ ਹੋਰਨਾਂ ਮਿਹਨਤੀ ਤਬਕਿਆਂ ਦੇ ਲੋਕਾਂ ਨੂੰ ਵੀ ਪੁੱਜਣ ਦੀ ਅਪੀਲ ਕੀਤੀ ਗਈ ਹੈ। ਕਿਉਂਕਿ ਕਿ ਜੱਥੇਬੰਦੀ ਸਮਝਦੀ ਹੈ, ਕਿ ਦੇਸ਼ ਦੇ ਹਾਕਮ ਆਜ਼ਾਦੀ ਦੇ ਜਸ਼ਨਾਂ ਦੇ ਪਰਦੇ ਹੇਠ ਸਾਮਰਾਜੀ ਮੁਲਕਾਂ ਦੀਆਂ ਲੁਟੇਰਾ ਕੰਪਨੀਆਂ ਨੂੰ ਦੋਹੀਂ ਹੱਥੀਂ ਲੁੱਟਣ ਦੇ ਨਿਉਂਦੇ ਦੇ ਰਹੇ ਹਨ। ਜਿਹੜੇ ਸਾਮਰਾਜ ਖਿਲਾਫ਼ ਸੰਘਰਸ਼ ਲੜਦਿਆਂ ਸਾਡੇ ਮੁਲਕ ਦੇ ਲੋਕਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ, ਉਨ੍ਹਾਂ ਹੀ ਸਾਮਰਾਜੀ ਮੁਲਕਾਂ ਦੀ ਜਕੜ ਦੇਸ਼ 'ਤੇ ਹੋਰ ਮਜ਼ਬੂਤ ਹੋ ਰਹੀ ਹੈ।
ਜਿਹੜੀ ਆਜ਼ਾਦੀ ਦਾ ਲੋਕਾਂ ਅੱਗੇ ਦਾਅਵਾ ਕੀਤਾ ਗਿਆ ਸੀ। ਉਸ ਆਜ਼ਾਦੀ ਨੇ ਨਾ ਤਾਂ ਕਿਸਾਨਾਂ 'ਤੇ ਖੇਤ ਮਜ਼ਦੂਰਾਂ ਦੀ ਜ਼ਮੀਨ ਦੀ ਤੋਟ ਪੂਰੀ ਕੀਤੀ 'ਤੇ ਨਾ ਹੀ ਸ਼ਾਹੂਕਾਰਾਂ/ਬੈਕਾਂ ਦੇ ਕਰਜ਼ਿਆਂ ਤੋਂ ਨਿਜਾਤ ਦਿਵਾਈ। ਸਗੋਂ ਨਵੇਂ ਰਾਜ ਵਿੱਚ ਵੀ ਸ਼ਾਹੂਕਾਰਾਂ ਦੀ ਲੁੱਟ ਹੋਰ ਤੇਜ਼ ਹੁੰਦੀ ਗਈ 'ਤੇ ਕਿਸਾਨਾਂ ਕੋਲੋਂ ਜ਼ਮੀਨ ਖੁਰ ਕੇ ਸ਼ਾਹੂਕਾਰਾਂ ਜਗੀਰਦਾਰਾਂ ਕੋਲ ਇਕੱਠੀ ਹੁੰਦੀ ਗਈ। ਦੇਸ਼ ਦੇ ਹਾਕਮਾਂ ਵੱਲੋਂ 15 ਅਗਸਤ 1947 ਨੂੰ ਦਾਅਵਾ ਤਾਂ ਅੰਗਰੇਜ਼ ਸਾਮਰਾਜ ਤੋਂ ਛੁਟਕਾਰਾ ਪਾ ਲੈਣ ਦਾ ਕੀਤਾ ਗਿਆ ਸੀ। ਪਰ ਅੰਗਰੇਜ਼ਾਂ ਤੋਂ ਇਲਾਵਾ ਕਿੰਨੇ ਹੀ ਹੋਰ ਸਾਮਰਾਜੀ ਮੁਲਕਾਂ ਦੀਆਂ ਬਹੁਕੌਮੀ ਕੰਪਨੀਆਂ ਸਾਡੀ ਲੁੱਟ ਕਰਨ ਲਈ ਸੱਦ ਲਈਆਂ ਗਈਆਂ।
ਇਨ੍ਹਾਂ ਕੰਪਨੀਆਂ ਨੇ ਸਥਾਨਕ ਸ਼ਾਹੂਕਾਰਾਂ ਜਗੀਰਦਾਰਾਂ ਨਾਲ ਰਲ਼ ਕੇ ਕਿਸਾਨਾਂ 'ਤੇ ਖੇਤ ਮਜ਼ਦੂਰਾਂ ਦੀ ਅੰਨ੍ਹੀ ਲੁੱਟ ਕੀਤੀ ਹੈ। ਇਸ ਬੇਤਰਸ ਲੁੱਟ ਨੇ ਕਿਸਾਨਾਂ ਮਜ਼ਦੂਰਾਂ ਨੂੰ ਗਲਾਂ 'ਚ ਖੁਦਕੁਸ਼ੀਆਂ ਦੇ ਰੱਸੇ ਪਾਉਣ ਲਈ ਮਜਬੂਰ ਕਰ ਦਿੱਤਾ। ਸਥਾਨਕ ਜਗੀਰਦਾਰਾਂ/ਸ਼ਾਹੂਕਾਰਾਂ ਦੇ ਸਹਿਯੋਗ ਨਾਲ ਇਨ੍ਹਾਂ ਦੇਸੀ ਬਦੇਸ਼ੀ ਸਾਮਰਾਜੀ ਕੰਪਨੀਆਂ ਸਮੇਤ ਅੰਬਾਨੀਆਂ ਅੰਡਾਨੀਆਂ ਦੀ ਦੇਸ਼ ਦੇ ਹਰ ਆਰਥਿਕ ਖੇਤਰ ਵਿੱਚ ਸਰਦਾਰੀ ਹੈ 'ਤੇ ਰਹਿੰਦੀ ਕਸਰ ਪੂਰੀ ਕਰਨ ਲਈ ਹੁਣ ਮੋਦੀ ਹਕੂਮਤ ਇਨ੍ਹਾਂ ਦੀ ਸੇਵਾਦਾਰ ਬਣੀ ਹੋਈ ਹੈ।
15 ਅਗਸਤ ਦਾ ਦਿਨ ਕਿਸੇ ਤਰ੍ਹਾਂ ਦੇ ਜਸ਼ਨਾਂ ਦੀ ਥਾਂ ਅਸਲ ਵਿੱਚ ਇਸ ਲੁੱਟ ਤੋਂ ਨਿਜਾਤ ਪਾਉਣ ਲਈ ਸੰਘਰਸ਼ ਦਾ ਹੋਕਾ ਉੱਚਾ ਕਰਨ ਦਾ ਦਿਨ ਬਣਦਾ ਹੈ। ਨਵੀਂਆਂ ਆਰਥਿਕ 'ਤੇ ਸਨਅਤੀ ਨੀਤੀਆਂ ਰੱਦ ਕਰਨ ਦੀ ਮੰਗ ਕਰਨ ਦਾ ਦਿਹਾੜਾ ਬਣਦਾ ਹੈ। ਮੀਟਿੰਗ ਵਿੱਚ ਸੂਬਾ ਆਗੂ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਹਰਦੀਪ ਸਿੰਘ ਟੱਲੇਵਾਲ ਤੋਂ ਇਲਾਵਾਂ ਔਰਤ ਆਗੂ ਕਮਲਜੀਤ ਕੌਰ ਬਰਨਾਲਾ, ਸਰੋਜ ਰਾਣੀ ਦਿਆਲਪੁਰਾ ਸਮੇਤ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਹੋਰ ਸਰਗਰਮ ਆਗੂ ਸ਼ਾਮਲ ਸਨ।
ਇਹ ਵੀ ਪੜ੍ਹੋ:- Agricultural Law: ਕਿਸਾਨਾਂ ’ਤੇ ਹੋਏ ਪਰਚੇ ਦਰਜ !