ਬਰਨਾਲਾ : ਖੇਤੀ ਕਾਨੂੰਨਾਂ ਨੂੰ ਲੈ ਕਿ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਸੀ। ਸੰਘਰਸ਼ੀਲ ਕਿਸਾਨਾਂ ਦੇ ਹੱਕ 'ਚ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ। ਇਸੇ ਲੜੀ 'ਚ ਪੰਜਾਬ ਦੇ ਬਰਨਾਲਾ ਜ਼ਿਲ੍ਹੇ 'ਚ ਬੀਕੇਯੂ ਡਕੌਂਦਾ ਵੱਲੋਂ ਟਰੈਕਟਰ ਰੈਲੀ ਆਯੋਜਤ ਕੀਤੀ ਗਈ।
ਬਰਨਾਲਾ 'ਚ ਕੱਢੀ ਟਰੈਕਟਰ ਰੈਲੀ ਖੇਤੀ ਕਾਨੂੰਨਾਂ ਵਿੱਰੁਧ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਰਨਾਲਾ 'ਚ ਟਰੈਕਟਰ ਰੈਲੀ ਕੱਢੀ ਗਈ। ਇਸ ਟਰੈਕਟਰ ਰੈਲੀ 'ਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਨੇ ਹਿੱਸਾ ਲਿਆ। ਟਰੈਕਟਰ ਰੈਲੀ ਦੌਰਾਨ ਕਿਸਾਨਾਂ ਨੇ ਟਰੈਕਟਰਾਂ 'ਤੇ ਕਿਸਾਨੀ ਝੰਡੇ ਲਾ ਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਬਰਨਾਲਾ 'ਚ ਕੱਢੀ ਟਰੈਕਟਰ ਰੈਲੀ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਰਾਜਿੰਦਰ ਸਿੰਘ ਤੇ ਮਲਕੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ। ਉਨ੍ਹਾਂ ਆਖਿਆ ਕਿ ਪਿਛਲੇ 6 ਮਹੀਨੇ ਤੋਂ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਦਿੱਲੀ ਦੇ ਬਾਰਡਰਾਂ 'ਤੇ ਵੀ ਕਿਸਾਨ ਅੰਦੋਲਨ ਜਾਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਵਾਰ-ਵਾਰ ਹੱਲ ਕੱਢਣ ਦਾ ਬਹਾਨਾਂ ਦੇ ਬੈਠਕਾਂ ਕਰ ਰਹੀ ਹੈ, ਪਰ ਇਹ ਬੈਠਕਾਂ ਬੇਸਿੱਟਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੇ ਇਨ੍ਹਾਂ ਲਾਰਿਆਂ 'ਚ ਨਾ ਆ ਕੇ ਲਗਾਤਾਰ ਸੰਘਰਸ਼ 'ਤੇ ਡੱਟੇ ਹੋਏ ਹਨ।
ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦੇ ਚਲਦੇ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਸੀ। ਇਸ ਲਈ ਬੀਕੇਯੂ ਡਕੌਂਦਾ ਵੱਲੋਂ ਵੀ ਕਿਸਾਨਾਂ ਦੇ ਹੱਕ 'ਚ ਟਰੈਕਟਰ ਰੈਲੀ ਕੱਢੀ ਗਈ। ਉਨ੍ਹਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਹੋਣ ਵਾਲੇ ਟਰੈਕਟਰ ਮਾਰਚ 'ਚ ਹਿੱਸਾ ਲੈਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।