ਬਰਨਾਲਾ:ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਬਾਰਡਰ ’ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਦੌਰਾਨ ਕਿਸਾਨੀ ਸੰਘਰਸ਼ ਦਰਮਿਆਨ ਪੰਜਾਬ ਬੀਜੇਪੀ ਦੇ ਦੋ ਲੀਡਰਾਂ ਵਲੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਦੱਸ ਦਈਏ ਕਿ ਬੀਜੇਪੀ ਲੀਡਰ ਅਨਿਲ ਜੋਸ਼ੀ ਅਤੇ ਮਦਨ ਮੋਹਨ ਮਿੱਤਲ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਸਾਨਾਂ ਦੀ ਸੁਣਵਾਈ ਕਰਨ ਦੀ ਗੱਲ ਆਖੀ ਗਈ ਹੈ। ਜਿਸਦਾ ਕਿਸਾਨਾਂ ਵਲੋਂ ਸਵਾਗਤ ਕੀਤਾ ਗਿਆ ਹੈ।
ਹੋਰ ਬੀਜੇਪੀ ਲੀਡਰ ਆਉਣ ਕਿਸਾਨਾਂ ਦੇ ਹੱਕ ’ਚ
ਇਸ ਸਬੰਧ ’ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾਂ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਅੱਠ ਮਹੀਨੇ ਬਾਅਦ ਕਿਸੇ ਬੀਜੇਪੀ ਲੀਡਰ ਨੇ ਆਪਣੇ ਜਮੀਨ ਦੀ ਆਵਾਜ ਸੁਣੀ ਅਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਚੁੱਕੀ। ਉਨ੍ਹਾਂ ਨੇ ਕਿਹਾ ਕਿ ਮਦਨ ਮੋਹਨ ਮਿੱਤਲ ਅਤੇ ਅਨਿਲ ਜੋਸ਼ੀ ਵਾਂਗ ਹੋਰਨਾਂ ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣਾ ਚਾਹੀਦਾ ਹੈ। ਜੇਕਰ ਬੀਜੇਪੀ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਹੈ ਤਾਂ ਪਾਰਟੀ ਤੋਂ ਅਸਤੀਫੇ ਦੇ ਕੇ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣ। ਉਹਨਾਂ ਕਿਹਾ ਕਿ ਜੇਕਰ ਕੋਈ ਲੀਡਰ ਕਿਸਾਨਾਂ ਦੇ ਹੱਕ ਵਿੱਚ ਨਿਤਰਦਾ ਹੈ ਤਾਂ ਉਸਦਾ ਉਹ ਧੰਨਵਾਦ ਕਰਨਗੇ।