ਬਰਨਾਲਾ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਹਰ ਕੋਈ ਪੱਬਾਂ ਭਾਰ ਹੋਇਆ ਪਿਆ ਹੈ, ਪਰ ਗੁਰੂ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹੁੰਚਾਉਣ ਲਈ ਕੋਈ ਬਹੁਤੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ। ਜਿਸ ਸਮੇਂ ਦੇਸ਼ ਅੰਦਰ ਮੰਦਰਾਂ-ਮਸਜਿਦਾਂ ਦੇ ਝਗੜਿਆਂ ਦਾ ਨਿਪਟਾਰਾ ਸਰਵਉੱਚ ਅਦਾਲਤ ਨੂੰ ਕਰਨਾ ਪਵੇ ਤਾਂ ਅਜਿਹੇ ਸਮੇਂ ਪਿੰਡ ਬੀਹਲਾ ਦੇ ਨਿਵਾਸੀ ਧਾਰਮਿਕ ਕੱਟੜਪੁਣੇ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਦੀ ਵੱਡੀ ਮਿਸਾਲ ਪੇਸ਼ ਕਰ ਰਹੇ ਹਨ।
ਪਿੰਡ ਬੀਹਲਾ ਅੰਦਰ ਗੁਰਦੁਆਰਾ, ਮੰਦਰ ਅਤੇ ਮਸਜਿਦ ਬਿਲਕੁਲ ਨਾਲੋਂ ਨਾਲ ਬਣੇ ਹੋਏ ਹਨ। ਮਸਜਿਦ ਵਿੱਚ ਪੰਜ ਵਾਰ ਬਕਾਇਦਗੀ ਨਾਲ ਨਵਾਜ਼, ਗੁਰਦੁਆਰਾ ਸਾਹਿਬ ਵਿੱਚ ਸਵੇਰ ਸ਼ਾਮ ਗੁਰਬਾਣੀ ਪਾਠ ਅਤੇ ਮੰਦਰ ਵਿੱਚ ਹਰ ਰੋਜ਼ ਪੂਜਾ ਆਰਤੀ ਹੁੰਦੀ ਹੈ। ਇਨ੍ਹਾਂ ਤਿੰਨਾਂ ਧਾਰਮਿਕ ਸਥਾਨਾਂ ਦੇ ਸਪੀਕਰ ਵਾਰੀ ਵੰਡ ਕੇ ਹੀ ਚਲਾਏ ਜਾਂਦੇ ਹਨ। ਇਨ੍ਹਾਂ ਦੇ ਸਪੀਕਰਾਂ ਦੀ ਆਵਾਜ਼ ਆਪਸ ਵਿੱਚ ਨਹੀਂ ਭਿੜਦੀ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਜਦੋਂ ਇੱਕ ਧਾਰਮਿਕ ਸਥਾਨ ਵਿੱਚ ਪ੍ਰਾਰਥਨਾ ਲਈ ਸਪੀਕਰ ਚੱਲਦਾ ਹੈ ਤਾਂ ਬਾਕੀ ਦੋਵੇਂ ਸਪੀਕਰ ਬੰਦ ਰਹਿਣ। ਇਨ੍ਹਾਂ ਤਿੰਨਾਂ ਧਰਮਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਦੀ ਸਿਆਣਪ ਤੇ ਚੰਗੀ ਸੋਚ ਸਦਕਾ ਸਾਰਾ ਪਿੰਡ ਅਮਨ ਦਾ ਸੁਨੇਹਾ ਪੂਰੀ ਦੁਨੀਆ ਨੂੰ ਦੇ ਰਿਹਾ ਹੈ ।
ਪਿੰਡ ਵਿੱਚ ਧਰਮਾਂ ਦੇ ਨਾਂ 'ਤੇ ਫਿਰਕੂ ਭਾਵਨਾ ਦੇ ਮਾਹੌਲ ਦੀ ਥਾਂ ਇੱਕ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਹੋਈ ਹੈ। ਪਿੰਡ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਧਰਮਾਂ ਦੇ ਲੋਕ ਰਹਿ ਰਹੇ ਹਨ। ਤਿੰਨੇ ਧਰਮਾਂ ਦੇ ਲੋਕ ਰਲ ਮਿਲ ਕੇ ਇੱਕ ਦੂਜੇ ਦੇ ਖ਼ੁਸ਼ੀ ਗ਼ਮੀ ਦੇ ਮਾਹੌਲ ਵਿੱਚ ਸ਼ਰੀਕ ਹੁੰਦੇ ਹਨ। ਮਸਜਿਦ ਵਿੱਚ ਈਦ, ਮੰਦਰ ਵਿੱਚ ਹਿੰਦੂ ਸਮਾਗਮ ਮੌਕੇ ਅਤੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਤਿੰਨੇ ਧਰਮਾਂ ਦੇ ਲੋਕ ਮਿਲ ਕੇ ਖ਼ੁਸ਼ੀ ਸਾਂਝੀ ਕਰਦੇ ਹਨ ਅਤੇ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਸਮਾਗਮ ਮੌਕੇ ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕ ਪੂਰੇ ਜੋਸ਼ ਨਾਲ ਸ਼ਾਮਲ ਹੋਏ।