ਬਰਨਾਲਾ:ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਹੇਠ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਹੋਏ ਫੈਸਲਿਆਂ ਸਬੰਧੀ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਕਹਾਵਤ ਬਰਨਾਲਾ ਪੁਲਿਸ ਤੇ ਐਨ ਢੁੱਕਵੀਂ ਹੈ। ਜਿਸਨੇ ਐਫਆਈਆਰ ਪੁਲਿਸ ਸਟੇਸ਼ਨ ਸਿਟੀ ਬਰਨਾਲਾ ਵਿਖੇ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ ਬਰਨਾਲਾ ਵਿਰੁੱਧ ਧਾਰਾ 323, 341,427,186, 506 ਤਹਿਤ ਪਰਚਾ ਦਰਜ ਕਰ ਦਿੱਤਾ ਹੈ।
ਭਾਕਿਯੂ ਏਕਤਾ ਡਕੌਂਦਾ ਦੇ ਕਾਰਕੁੰਨ ਖ਼ਿਲਾਫ਼ ਪੁਲਿਸ ਵੱਲੋਂ ਨਜਾਇਜ਼ ਪਰਚਾ ਦਰਜ ਕਰਨ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਖ਼ਤ ਨੋਟਿਸ ਲੈਂਦਿਆਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀਆਂ ਪਿੰਡ-ਪਿੰਡ ਅਰਥੀਆਂ ਸਾੜਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ ਦੇ ਮਾਲਕ ਸੋਨੀ ਵੱਲੋਂ ਮਿਉਂਸਪਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਖ਼ਿਲਾਫ਼ 30/08/2022 ਨੂੰ ਦਿੱਤੀ ਦਰਖਾਸਤ ਬਾਰੇ ਜਾਣਕਾਰੀ ਹਾਸਲ ਕਰਨ ਗਿਆ ਸੀ। ਮਿਉਂਸਪਲ ਕਮੇਟੀ ਅਧਿਕਾਰੀਆਂ ਸਲੀਮ ਮੁਹੰਮਦ ਜੇਈ ਅਤੇ ਹੋਰ ਕਰਮਚਾਰੀਆਂ ਨੂੰ ਨਾਲ ਲੈਕੇ ਆਸਥਾ ਕਲੋਨੀ ਬਰਨਾਲਾ ਦੇ ਕਾਲੋਨਾਈਜ਼ਰ ਸੋਨੀ ਦੀ ਸ਼ਹਿ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਾਈ। ਅਰੁਣ ਕੁਮਾਰ ਵਾਹਿਗੁਰੂ ਸਿੰਘ ਨੇ ਪੁਲਿਸ ਕੋਲ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਦੌਰਾਨ ਆਪਣਾ ਬਿਆਨ ਪੁਲਿਸ ਕੋਲ ਦਰਜ ਕਰਵਾਇਆ ਸੀ। 20 ਜੂਨ ਨੂੰ ਗੁੰਡਾਗਰਦੀ ਖ਼ਿਲਾਫ਼ ਕੀਤੇ ਜਾਣ ਵਾਲੇ ਮੁਜ਼ਾਹਰੇ ਤੋਂ ਪਹਿਲਾਂ ਪੁਲਿਸ ਨੇ ਮਾਮੂਲੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਖਾਨਾ ਪੂਰਤੀ ਕਰ ਦਿੱਤੀ।