ਬਰਨਾਲਾ: ਹਲਕਾ ਭਦੌੜ ਅਧੀਨ ਪੈਂਦੇ ਪਿੰਡ ਸੰਧੂ ਕਲਾਂ ਦੇ ਇੱਕ ਨੌਜਵਾਨ ਨੇ ਲੁਧਿਆਣਾ ਦੇ ਟਰੈਵਲ ਏਜੰਟ ਉੱਤੇ ਵਿਦੇਸ਼ ਭੇਜਣ ਦੇ ਨਾਮ ’ਤੇ ਢਾਈ ਲੱਖ ਰੁਪਏ ਲੈ ਕੇ ਠੱਗੀ ਮਾਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਅਕਾਸ਼ਦੀਪ ਸਿੰਘ ਪੁੱਤਰ ਹਰਜੀਤ ਸਿੰਘ ਨਿਵਾਸੀ ਸੰਧੂ ਕਲਾਂ ਨੇ ਦੱਸਿਆ ਕਿ ਉਸ ਦਾ ਕੁਝ ਸਮਾਂ ਪਹਿਲਾਂ ਬਾਹਰ ਭੇਜਣ ਦੇ ਨਾਮ ’ਤੇ ਲੁਧਿਆਣਾ ਦਾ ਇੱਕ ਟਰੈਵਲ ਏਜੰਟ ਰਾਹੁਲ ਅਤੇ ਉਸ ਦੀ ਧਰਮ ਪਤਨੀ ਭਗਵੰਤ ਕੌਰ ਨਾਲ ਸੰਪਰਕ ਹੋਇਆ ਸੀ।
ਨੌਜਵਾਨ ਨੇ ਦੱਸਿਆ ਕਿ ਰਾਹੁਲ ਨਾਮ ਦੇ ਏਜੰਟ ਨੇ ਉਸਨੂੰ ਨੌਕਰੀ ਕਰਨ ਲਈ ਦੁਬਈ ਵਿਖੇ ਭੇਜਣ ਲਈ ਉਸ ਨਾਲ ਇੱਕ ਇਕਰਾਰਨਾਮਾ ਕੀਤਾ ਜਿਸ ਵਿੱਚ ਉਸ ਨੇ ਉਸਨੂੰ ਇੱਕ ਵੱਡੀ ਨਾਮੀ ਕੰਪਨੀ ਵਿੱਚ ਬਤੌਰ ਸਕਿਓਰਿਟੀ ਗਾਰਡ ਭੇਜਣ ਦੀ ਸ਼ਰਤ ਲਿਖੀ ਸੀ ਅਤੇ ਵੀਜ਼ਾ ਵੀ ਇਸੇ ਪੋਸਟ ਦੇ ਆਧਾਰ ’ਤੇ ਲੈ ਕੇ ਦੇਣਾ ਸੀ ਜਿਸ ਦੇ ਬਦਲੇ ਏਜੰਟ ਨੇ ਉਸ ਤੋਂ ਵੱਖ-ਵੱਖ ਅਕਾਊਂਟ ਨੰਬਰਾਂ ਵਿੱਚ 1.75 ਲੱਖ ਰੁਪਏ ਪਵਾ ਲਏ ਅਤੇ ਬਾਕੀ ਰਕਮ ਉਸ ਤੋਂ ਕਿਸ਼ਤਾਂ ਵਿੱਚ ਨਕਦ ਲੈ ਲਈ।
ਅਕਾਸ਼ਦੀਪ ਨੇ ਦੱਸਿਆ ਕਿ ਜਦੋਂ ਉਸ ਨੂੰ ਏਜੰਟ ਨੇ ਦੁਬਈ ਭੇਜਿਆ ਤਾਂ ਜਿਸ ਹੋਟਲ ਵਿੱਚ ਬੁਕਿੰਗ ਕਰਕੇ ਏਜੰਟ ਨੇ ਉਸਨੂੰ ਭੇਜਿਆ ਸੀ। ਨੌਜਵਾਨ ਨੇ ਦੱਸਿਆ ਕਿ ਉਸ ਦੇੇ ਦੁਬਈ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਬੁਕਿੰਗ ਏਜੰਟ ਵੱਲੋਂ ਰੱਦ ਕਰ ਦਿੱਤੀ ਗਈ ਜਿਸ ਕਾਰਨ ਸਾਰੀ ਰਾਤ ਸੜਕ ਤੇ ਕੱਟਣੀ ਪਈ ਅਤੇ ਉਸ ਤੋਂ ਬਾਅਦ ਏਜੰਟ ਵੱਲੋਂ ਮੇਰਾ ਸੰਪਰਕ ਇੱਕ ਆਦਮੀ ਨਾਲ ਕਰਵਾ ਦਿੱਤਾ ਜਿਸ ਨੇ ਉਸਨੂੰ ਨਾਲ ਲਿਜਾ ਕੇ ਇੱਕ ਕਮਰੇ ਵਿੱਚ ਬਿਠਾ ਦਿੱਤਾ ਜਿੱਥੇ ਕਿ ਪਹਿਲਾਂ ਹੀ ਪੰਦਰਾਂ ਵੀਹ ਨੌਜਵਾਨ ਬੈਠੇ ਸਨ ਅਤੇ ਉਸਨੂੰ ਕਈ ਦਿਨ ਉਸ ਕਮਰੇ ਵਿੱਚ ਰੱਖਿਆ ਜਿੱਥੇ ਕਿ ਉਸਨੂੰ ਪੈਣ ਲਈ ਅਤੇ ਖਾਣ ਪੀਣ ਲਈ ਕੋਈ ਵੀ ਪ੍ਰਬੰਧ ਨਹੀਂ ਸੀ ਅਤੇ ਮੇਰਾ ਵੀਜ਼ਾ ਸਿਰਫ਼ ਇੱਕ ਮਹੀਨੇ ਲਈ ਟੂਰਿਸਟ ਲਗਵਾ ਕੇ ਭੇਜਿਆ ਸੀ।
ਨੌਜਵਾਨ ਨੇ ਦੱਸਿਆ ਕਿ ਉਸਦੇੇ ਵਾਰ ਵਾਰ ਸੰਪਰਕ ਕਰਨ ’ਤੇ ਵੀ ਰਾਹੁਲ ਨੇ ਉਸਦੀਆ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਕਿਹਾ ਕਿ ਜੇਕਰ ਤੂੰ ਕੰਮ ਕਰਨਾ ਹੈ ਤਾਂ ਇਹ ਸਭ ਕਰਨਾ ਪਵੇਗਾ ਅਤੇ ਰਹੀ ਗੱਲ ਵੀਜ਼ੇ ਦੀ ਤਾਂ ਇਹ ਪਹਿਲਾ ਵਿਜ਼ਿਟਰ ਵੀਜ਼ਾ ਹੀ ਲੱਗਦਾ ਹੈ ਉਸ ਤੋਂ ਬਾਅਦ ਤੇਰਾ ਇੱਥੇ ਲਾਇਸੈਂਸ ਬਣੇਗਾ ਅਤੇ ਉਸ ਤੋਂ ਬਾਅਦ ਤੈਨੂੰ ਕੰਮ ਮਿਲ ਜਾਵੇਗਾ ਜੋ ਕਿ ਮੇਰੇ ਨਾਲ ਹੋਏ ਇਕਰਾਰਨਾਮੇ ਮੁਤਾਬਕ ਇਹ ਗੱਲਾਂ ਬਿਲਕੁਲ ਉਲਟ ਸੀ।