ਬਰਨਾਲਾ:ਜਿੱਥੇ ਪੰਜਾਬ ਵਿੱਚ ਵੋਟਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਵੱਲੋਂ ਬਹੁੁਤ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਉੱਥੇ ਹੀ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਆਪ ਸਰਕਾਰ ਨੂੰ ਲੋਕਾਂ ਵੱਲੋਂ ਘੇਰਿਆ ਜਾ ਰਿਹਾ ਹੈ।
ਅਜਿਹਾ ਹੀ ਮਾਮਲਾ ਕਸਬਾ ਭਦੌੜ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਹੂਲਤਾਂ ਤੋਂ ਵਾਂਝਾ ਰਹਿ ਰਿਹਾ ਹੈ, ਇੱਥੇ ਸਿਹਤ ਸਹੂਲਤਾਂ ਤੋਂ ਲੈ ਕੇ ਤਹਿਸੀਲ ਵਗੈਰਾ ਦੇ ਕੰਮਾਂ ਲਈ ਲੋਕ ਤਪਾ ਜਾਂ ਬਰਨਾਲਾ ਜਾਣ ਲਈ ਮਜਬੂਰ ਹਨ। ਇੱਥੇ ਕਈ ਦਹਾਕਿਆਂ ਤੋਂ ਸਰਕਾਰ ਪੱਖੀ ਵਿਧਾਇਕ ਨਾ ਚੁਣਨ ਕਾਰਨ ਵੀ ਹੁਣ ਤੱਕ ਸਰਕਾਰਾਂ ਇਸ ਨੂੰ ਅਣਗੌਲਿਆ ਕਰਦੀਆਂ ਆਈਆਂ ਹਨ। ਪਰ ਇਸ ਵਾਰ ਹਲਕਾ ਭਦੌੜ ਵਿੱਚ ਸਰਕਾਰ ਪੱਖੀ ਵਿਧਾਇਕ ਚੁਣਨ ਕਾਰਨ ਲੋਕਾਂ ਨੂੰ ਇਸ ਤੋਂ ਕਾਫ਼ੀ ਆਸਾਂ ਹਨ, ਪਰ ਅਜੇ ਤੱਕ ਬਰਨਾਲਾ ਉੱਥੇ ਦਾ ਉੱਥੇ ਹੀ ਹੈ।
ਪਿਛਲੇ 1 ਸਾਲ ਤੋਂ ਕਲਾਸ 4 ਦੀ ਪਦਵੀ 'ਤੇ ਨਿਯੁਕਤ ਮੇਵਾ ਸਿੰਘ ਨੇ ਕਿਹਾ ਕਿ ਇੱਥੇ ਪਿਛਲੇ ਤਕਰੀਬਨ 7 ਸਾਲਾਂ ਤੋਂ ਵੈਟਰਨਰੀ ਅਫ਼ਸਰ ਨਹੀਂ ਆਇਆ ਹੈ ਅਤੇ ਹੁਣ ਵੈਟਰਨਰੀ ਅਫ਼ਸਰ ਦਾ ਵਾਧੂ ਚਾਰਜ ਡਾ ਅਰੁਣਦੀਪ ਜੋ ਕਿ ਪੱਖੋਂ ਵੀ ਬੈਠਦੇ ਹਨ ਨੂੰ ਦਿੱਤਾ ਹੋਇਆ ਹੈ, ਜ਼ਿਆਦਾਤਰ ਉਹ ਐਮਰਜੈਂਸੀ ਵੇਲੇ ਹੀ ਆਉਂਦੇ ਹਨ। ਪਰ ਹਫ਼ਤੇ ਵਿੱਚ ਦੋ ਵਾਰ ਇੱਥੇ ਆਉਂਦੇ ਹਨ ਅਤੇ ਵੈਟਰਨਰੀ ਇੰਸਪੈਕਟਰ ਦੀ ਪੋਸਟ ਵੀ ਖਾਲੀ ਹੈ ਅਤੇ ਇਕ ਬੁੱਲ੍ਹ ਅਟੈਂਡੈਂਟ ਸਮੇਤ ਇੱਕ ਕਲਾਸ 4 ਦੀਆਂ ਪੋਸਟਾਂ ਖਾਲੀ ਹਨ।
7 ਸਾਲਾਂ ਤੋਂ ਬਿਨ੍ਹਾਂ ਡਾਕਟਰ ਤੇ ਬਿਨ੍ਹਾਂ ਦਵਾਈਆਂ ਤੋਂ ਚੱਲ ਰਿਹਾ ਭਦੌੜ ਦਾ ਵੈਟਰਨਰੀ ਹਸਪਤਾਲ ਉਨ੍ਹਾਂ ਕਿਹਾ ਕਿ ਡਾਕਟਰ ਨਾ ਹੋਣ ਕਾਰਨ ਇੱਥੋਂ ਦੇ ਪਸ਼ੂ ਪਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਮਜਬੂਰਨ ਪ੍ਰਾਈਵੇਟ ਡਾਕਟਰਾਂ ਕੋਲ ਜਾਣਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕਾ ਦੁੱਕਾ ਦਵਾਈਆਂ ਨੂੰ ਛੱਡ ਕੇ ਉਨ੍ਹਾਂ ਕੋਲ ਤਕਰੀਬਨ ਪਿਛਲੇ ਇਕ ਸਾਲ ਤੋਂ ਕੋਈ ਦਵਾਈ ਵੀ ਨਹੀਂ ਆਈ ਜਿਸ ਨਾਲ ਉਹ ਪਸ਼ੂਆਂ ਦੀਆਂ ਬਿਮਾਰੀਆਂ ਦਾ ਕੁਝ ਹੱਦ ਤੱਕ ਹੱਲ ਕਰ ਸਕਣ।
ਕੀ ਕਹਿਣਾ ਹੈ ਪਸ਼ੂ ਪਾਲਕਾਂ ਦਾ:-ਪਸ਼ੂ ਪਾਲਕ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਵੈਸੇ ਤਾਂ ਸਾਡਾ ਹਲਕਾ ਪਿਛਲੇ ਲੰਬੇ ਸਮੇਂ ਤੋਂ ਸਹੂਲਤਾਂ ਤੋਂ ਵਾਂਝਾ ਹੈ ਅਤੇ ਸਾਡੇ ਹਲਕੇ ਦੇ ਕਰਮ ਹੀ ਮਾੜੇ ਹਨ ਕਿ ਇਸ ਵੱਲ ਕੋਈ ਉੱਕਾ ਹੀ ਧਿਆਨ ਨਹੀਂ ਦੇ ਰਿਹਾ। ਪਰ ਪਿਛਲੇ ਦਿਨੀਂ ਮੈਂ ਆਪਣੀ ਪਾਲਤੂ ਗਾਂ ਨੂੰ ਇੱਥੇ ਹਸਪਤਾਲ ਵਿੱਚ ਬੀਮਾਰ ਹੋਣ 'ਤੇ ਇਲਾਜ ਕਰਵਾਉਣ ਲਈ ਆਇਆ ਸੀ, ਪਰ ਇਥੇ ਕੋਈ ਵੀ ਨਹੀਂ ਮਿਲਿਆ ਅਤੇ ਮੈਂ ਇਲਾਜ ਕਰਵਾਉਣ ਲਈ ਤਕਰੀਬਨ ਚਾਰ ਗੇੜੇ ਮਾਰੇ ਅਖੀਰ ਸਾਨੂੰ ਇਲਾਜ ਪ੍ਰਾਈਵੇਟ ਡਾਕਟਰ ਕੋਲੋਂ ਕਰਵਾਉਣਾ ਪਿਆ।
ਉਨ੍ਹਾਂ ਪ੍ਰਸ਼ਾਸਨ ਅੱਗੇ ਮੰਗ ਕਰਦਿਆਂ ਕਿਹਾ ਕਿ ਵੈਸੇ ਤਾਂ ਸਾਰੇ ਹੀ ਅਦਾਰਿਆਂ ਵਿੱਚ ਖਾਲੀ ਪੋਸਟਾਂ ਭਰੀਆਂ ਜਾਣ ਪਰ ਪਸ਼ੂਧਨ ਵੀ ਇਕ ਸਾਡੇ ਜ਼ਿਮੀਂਦਾਰਾਂ ਦੀ ਜਾਇਦਾਦ ਹੈ। ਜਿਸ ਤੋਂ ਬਿਨਾਂ ਕਿਸਾਨ ਅਧੂਰੇ ਹਨ, ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਭਦੌੜ ਦੇ ਵੈਟਰਨਰੀ ਹਸਪਤਾਲ ਵਿੱਚ ਡਾਕਟਰ ਪੂਰੇ ਕੀਤੇ ਜਾਣ ਤਾਂ ਜੋ ਇੱਥੇ ਜੋ ਕਿਸਾਨ ਪਸ਼ੂ ਪਾਲਦੇ ਹਨ, ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪ੍ਰੇਸ਼ਾਨੀ ਨਾ ਆਵੇ।
ਇਹ ਵੀ ਪੜੋ:- ਤਜਿੰਦਰਪਾਲ ਬੱਗਾ ਗ੍ਰਿਫਤਾਰੀ ਮਾਮਲਾ: ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ’ਤੇ ਕੀਤਾ ਅਗਵਾ ਦਾ ਮਾਮਲਾ ਦਰਜ