ਪੰਜਾਬ

punjab

ETV Bharat / state

ਕੋਰੋਨਾ ਨੇ ਠੰਡਾ ਕੀਤਾ ਰੁਜ਼ਗਾਰ, ਕੁਲਫ਼ੀ ਨੇ ਚੁੱਲ੍ਹਾ ਕੀਤਾ ਗਰਮ - barnala

ਬਰਨਾਲਾ ਦੇ ਪਿੰਡ ਠੀਕਰੀਵਾਲ ਦੇ ਰਹਿਣ ਵਾਲੇ BCA ਕਰ ਚੁੱਕਿਆ ਨੌਜਵਾਨ ਕਮਲਜੀਤ ਸਿੰਘ ਨੇ ਕੁਲਫ਼ੀ ਤੇ ਬਾਦਾਮ ਮਿਲਕ ਵੇਚਣ ਦਾ ਕੰਮ ਸ਼ੁਰੂ ਕੀਤਾ ਹੈ।

ਫ਼ੋਟੋ
ਫ਼ੋਟੋ

By

Published : Aug 26, 2020, 8:03 AM IST

Updated : Aug 26, 2020, 1:58 PM IST

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹਰ ਤਰ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਜਿਸ ਕਾਰਨ ਲੱਖਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਵੀ ਹੱਥ ਧੋਣਾ ਪਿਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਦਾ ਕਮਲਜੀਤ ਸਿੰਘ ਵੀ ਇਨ੍ਹਾਂ ਵਿੱਚੋਂ ਇੱਕ ਹੈ, ਜੋ ਕਿ ਗ੍ਰੈਜੂਏਸ਼ਨ ਪਾਸ ਹੈ। ਕਮਲਜੀਤ ਕੋਰੋਨਾ ਮਹਾਂਮਾਰੀ ਦੌਰਾਨ ਪਾਵਰਕੌਮ ਅਧੀਨ ਠੇਕੇ 'ਤੇ ਆਧਾਰਿਤ ਕੰਮ ਕਰ ਰਿਹਾ ਸੀ। ਉੱਥੇ ਕਮਲਜੀਤ ਨੂੰ ਯੋਗਤਾ ਦੇ ਆਧਾਰ 'ਤੇ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ, ਜਿਸ ਤੋਂ ਨਿਰਾਸ਼ ਹੋ ਕੇ ਕਮਲਜੀਤ ਨੇ ਇਹ ਨੌਕਰੀ ਛੱਡ ਦਿੱਤੀ।

ਕੋਰੋਨਾ ਨੇ ਠੰਡਾ ਕੀਤਾ ਰੁਜ਼ਗਾਰ, ਕੁਲਫ਼ੀ ਨੇ ਚੁੱਲ੍ਹਾ ਕੀਤਾ ਗਰਮ

ਘਰ ਦੇ ਦੁੱਧ ਤੋਂ ਬਣਾਈ ਕੁਲਫ਼ੀ, ਸ਼ੁਰੂ ਕੀਤਾ ਕਾਰੋਬਾਰ

ਘਰ ਦੇ ਬਣੇ ਦੁੱਧ ਤੋਂ ਕਮਲਜੀਤ ਕੁਲਫ਼ੀਆਂ ਅਤੇ ਬਾਦਾਮ ਮਿਲਕ ਸ਼ੇਕ ਬਣਾ ਕੇ ਰੇਹੜੀ ਲਗਾਉਣ ਲੱਗਿਆ। ਇਹ ਕੰਮ ਤਕਰੀਬਨ ਢਾਈ ਮਹੀਨਿਆਂ ਤੋਂ ਜਾਰੀ ਹੈ। ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਰੇਹੜੀ ਲਗਾ ਕੇ ਕੁਲਫੀਆਂ ਵੇਚਣਾ ਕਮਲਜੀਤ ਨੂੰ ਮਾੜਾ ਨਹੀਂ ਲੱਗਿਆ, ਸਗੋਂ ਉਹ ਇਸ ਕਾਰੋਬਾਰ ਤੋਂ ਸੰਤੁਸ਼ਟ ਹੈ। ਇਸ ਮੌਕੇ "ਈਟੀਵੀ ਭਾਰਤ" ਨਾਲ ਗੱਲਬਾਤ ਕਰਦਿਆਂ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਕੰਪਿਊਟਰ ਐਪਲੀਕੇਸ਼ਨ ਦੀ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਈ ਹੈ। ਪੜ੍ਹਾਈ ਕਰਕੇ ਪਹਿਲਾਂ ਉਸ ਨੇ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕੀਤੀ, ਜਿਸ ਤੋਂ ਬਾਅਦ ਇਕ ਫਾਈਨੈਂਸ ਕੰਪਨੀ ਵਿੱਚ ਵੀ ਨੌਕਰੀ ਕੀਤੀ। ਇਸ ਤੋਂ ਬਾਅਦ ਪਾਵਰਕੌਮ ਵਿੱਚ ਠੇਕਾ ਆਧਾਰ 'ਤੇ ਮੀਟਰਾਂ ਦੀ ਰੀਡਿੰਗ ਦਾ ਕੰਮ ਕਰਨ ਲੱਗਿਆ। ਕੋਰੋਨਾ ਮਹਾਂਮਾਰੀ ਅਤੇ ਨਿਗੁਣੀ ਤਨਖ਼ਾਹ ਕਰਕੇ ਉਸ ਨੇ ਨੌਕਰੀ ਗਵਾ ਦਿੱਤੀ।

ਫ਼ੋਟੋ


ਖੋਲ੍ਹਣਾ ਚਾਹੁੰਦਾ ਸੀ ਆਈਲੈਟਸ ਸੈਂਟਰ

ਕਮਲਜੀਤ ਨੇ ਆਪਣਾ ਆਈਲੈਟਸ ਸੈਂਟਰ ਖੋਲ੍ਹਣ ਦਾ ਸੋਚਿਆ ਸੀ। ਸਾਰੀਆਂ ਤਿਆਰੀਆਂ ਹੋਣ ਤੋਂ ਬਾਅਦ ਜਦੋਂ ਆਈਲੈਟਸ ਸੈਂਟਰ ਦੀ ਓਪਨਿੰਗ ਹੋਣੀ ਸੀ ਤਾਂ ਸਿਰਫ਼ 2 ਦਿਨ ਪਹਿਲਾਂ ਕੋਰੋਨਾ ਮਹਾਂਮਾਰੀ ਕਰਕੇ ਲੌਕਡਾਊਨ ਲੱਗ ਗਿਆ। ਜਿਸ ਨੇ ਉਨ੍ਹਾਂ ਦੀਆਂ ਆਸਾਂ ਉਮੀਦਾਂ 'ਤੇ ਬਿਲਕੁਲ ਪਾਣੀ ਫੇਰ ਦਿੱਤਾ। ਕਮਲਜੀਤ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਘਰ ਵਿੱਚ ਰੱਖੇ ਪਸ਼ੂਆਂ ਦੇ ਦੁੱਧ ਦਾ ਰੇਟ ਵੀ ਬਿਲਕੁਲ ਹੇਠਾਂ ਡਿੱਗ ਪਿਆ। ਗਾਂ ਦਾ ਦੁੱਧ ਜੋ 35 ਰੁਪਏ ਵਿਕਦਾ ਸੀ ਉਹ ਸਿਰਫ਼ 15-20 ਪਏ ਤੇ ਵਿਕਣ ਲੱਗਿਆ, ਜਦੋਂ ਕਿ ਮੱਝ ਦਾ ਦੁੱਧ 60-65 ਰੁਪਏ ਤੋਂ ਡਿੱਗ ਕੇ 35-40 ਰੁਪਏ 'ਤੇ ਆ ਗਿਆ।

ਫ਼ੋਟੋ

ਕੁਲਫ਼ੀਆਂ ਤੇ ਬਾਦਾਮ ਮਿਲਕ ਸ਼ੇਕ ਬਣਾ ਕੇ ਵੇਚਣਾ ਸ਼ੁਰੂ ਕੀਤਾ

ਆਰਥਿਕ ਪੱਖ ਤੋਂ ਪਰਿਵਾਰ ਸਾਰੇ ਪਾਸਿਆਂ ਤੋਂ ਘਿਰ ਗਿਆ। ਇਸ ਦੌਰਾਨ ਉਸ ਨੇ ਆਪਣੇ ਘਰ ਦੇ ਦੁੱਧ ਤੋਂ ਕੁਲਫ਼ੀਆਂ ਅਤੇ ਬਾਦਾਮ ਮਿਲਕ ਸ਼ੇਕ ਬਣਾ ਕੇ ਵੇਚਣ ਦੀ ਸੋਚੀ। ਜਿਸ ਲਈ ਉਸ ਨੇ ਬਕਾਇਦਾ 3 ਦਿਨ ਬਰਨਾਲਾ ਤੋਂ ਸਿਖਲਾਈ ਵੀ ਲਈ। ਇਸ ਉਪਰੰਤ ਆਪਣੇ ਘਰ ਦੇ ਦੁੱਧ ਤੋਂ ਕੁਲਫ਼ੀਆਂ ਅਤੇ ਬਾਦਾਮ ਮਿਲਕ ਸ਼ੇਕ ਤਿਆਰ ਕਰਕੇ ਵੇਚਣ ਦੀ ਰੇਹੜੀ ਲਗਾਉਣੀ ਪਿੰਡ ਵਿੱਚ ਸ਼ੁਰੂ ਕਰ ਦਿੱਤੀ।

ਇਸ ਉਪਰੰਤ ਉਸ ਨੇ ਇੱਕ ਮਾਰੂਤੀ ਵੈਨ ਮੋਡੀਫਾਈ ਕਰਵਾ ਕੇ ਉਸ 'ਤੇ ਆਪਣੀ ਦੁਕਾਨ ਲਗਾਉਣੀ ਸ਼ੁਰੂ ਕਰ ਦਿੱਤੀ, ਜਿਸ 'ਤੇ ਹੁਣ ਕੰਮ ਉਸਦਾ ਲਗਾਤਾਰ ਜਾਰੀ ਹੈ। ਕਮਲਜੀਤ ਨੇ ਦੱਸਿਆ ਕਿ ਰੁਜ਼ਾਨਾ 100 ਦੇ ਕਰੀਬ ਕੁਲਫ਼ੀਆਂ ਅਤੇ 100 ਦੇ ਕਰੀਬ ਮਿਲਕ ਬਾਦਾਮ ਸ਼ੇਕ ਤਿਆਰ ਕਰਕੇ ਉਹ ਵੇਚ ਰਿਹਾ ਹੈ ਅਤੇ ਇਸ ਕਮਾਈ ਤੋਂ ਉਸ ਨੂੰ ਸੰਤੁਸ਼ਟੀ ਹੈ। ਕਮਲਜੀਤ ਨੇ ਦੱਸਿਆ ਕਿ ਭਾਵੇਂ ਪੜ੍ਹਿਆ ਲਿਖਿਆ ਹੋਣ ਕਰਕੇ ਕੁਲਫ਼ੀਆਂ ਵੇਚਣ ਲਈ ਦੁਕਾਨ ਲਾਉਣ ਤੇ ਪਿੰਡ ਦੇ ਇੱਕ ਦੋ ਲੋਕਾਂ ਨੇ ਉਸ ਨੂੰ ਟਿੱਚਰਾਂ ਵੀ ਕੀਤੀਆਂ, ਪਰ ਉਸ ਦੇ ਸਾਥੀ ਜਿਨ੍ਹਾਂ ਵੱਲੋਂ ਪਿੰਡ ਵਿੱਚ ਐਵਰਗ੍ਰੀਨ ਸੁਸਾਇਟੀ ਬਣਾਈ ਹੋਈ ਹੈ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਉਸ ਦੇ ਮਿੱਤਰਾਂ ਤੇ ਦੋਸਤਾਂ ਨੇ ਆਰਥਿਕ ਪੱਖ ਦੇ ਨਾਲ ਨਾਲ ਉਸ ਨੂੰ ਸਰੀਰਕ ਤੌਰ ਤੇ ਵੀ ਸਹਿਯੋਗ ਦਿੱਤਾ।

ਫ਼ੋਟੋ

ਪਿੰਡ ਵਾਲਿਆਂ ਨੇ ਕੀਤਾ ਉਤਸ਼ਾਹਤ

ਕਮਲਜੀਤ ਦੇ ਇਸ ਉਪਰਾਲੇ ਦੀ ਪਿੰਡ ਦੇ ਲੋਕ ਅਤੇ ਉਸ ਦੇ ਸਾਥੀ ਵੀ ਸ਼ਲਾਘਾ ਕਰ ਰਹੇ ਹਨ। ਇਸ ਮੌਕੇ ਪਿੰਡ ਨਿਵਾਸੀ ਪਲਵਿੰਦਰ ਸਿੰਘ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਕਮਲਜੀਤ ਦੇ ਇੱਕ ਅਗਾਂਹਵਧੂ ਸੋਚ ਵਾਲਾ ਨੌਜਵਾਨ ਹੈ। ਉਚੇਰੀ ਪੜ੍ਹਾਈ ਕਰਨ ਦੇ ਬਾਵਜੂਦ ਉਸ ਨੇ ਕੁਲਫ਼ੀਆਂ ਦੀ ਰੇਹੜੀ ਲਗਾਉਣ ਵਿੱਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੰਮ ਛੋਟਾ ਜਾਂ ਵੱਡਾ ਹੋਵੇ, ਮਾੜਾ ਨਹੀਂ ਹੁੰਦਾ। ਕਮਲਜੀਤ ਆਪਣੇ ਘਰ ਦੇ ਦੁੱਧ ਦਾ ਵਧੀਆ ਕੁਆਲਿਟੀ ਦਾ ਮਿਲਕ ਬਾਦਾਮ ਸ਼ੇਕ ਅਤੇ ਕੁਲਫੀਆਂ ਤਿਆਰ ਕਰਕੇ ਵੇਚ ਰਿਹਾ ਹੈ। ਪਿੰਡ ਦੇ ਲੋਕ ਕਮਲਜੀਤ ਦੀ ਹਰ ਤਰ੍ਹਾਂ ਦੀ ਸ਼ਲਾਘਾ ਅਤੇ ਮਦਦ ਕਰ ਰਹੇ ਹਨ। ਆਮ ਲੋਕਾਂ ਨੂੰ ਵੀ ਅਜਿਹੇ ਉੱਦਮੀ ਨੌਜਵਾਨ ਦਾ ਸਾਮਾਨ ਖਰੀਦ ਕੇ ਉਸ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।

ਫ਼ੋਟੋ
ਦੱਸਣਯੋਗ ਹੈ ਕਿ ਠੀਕਰੀਵਾਲਾ ਪਿੰਡ ਅਜ਼ਾਦੀ ਘੁਲਾਟੀਏ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦਾ ਪਿੰਡ ਹੈ। ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਇਕ ਨਵੇਂ ਇਨਕਲਾਬ ਦਾ ਮੁੱਢ ਬੰਨਿਆ ਸੀ। ਰਜਵਾੜਾ ਸ਼ਾਹੀ ਅਤੇ ਅਜੇ ਅੰਗਰੇਜ਼ ਹਕੂਮਤ ਖ਼ਿਲਾਫ਼ ਝੰਡਾ ਬੁਲੰਦ ਕੀਤਾ ਸੀ। ਕਮਲਜੀਤ ਵੀ ਪੜ੍ਹ ਲਿਖ ਕੇ ਉਚੇਰੀ ਪੜ੍ਹਾਈ ਕਰਕੇ ਆਪਣੇ ਪੁਰਖਿਆਂ ਦੇ ਸੋਚ 'ਤੇ ਪਹਿਰਾ ਦਿੰਦਿਆਂ ਪ੍ਰਾਈਵੇਟ ਅਦਾਰਿਆਂ ਤੋਂ ਨਿਗੂਣੀ ਤਨਖ਼ਾਹ 'ਤੇ ਆਪਣਾ ਸੋਸ਼ਣ ਕਰਵਾਉਣ ਦੀ ਥਾਂ ਆਪਣਾ ਕਾਰੋਬਾਰ ਕਰ ਰਿਹਾ ਹੈ।
ਫ਼ੋਟੋ
Last Updated : Aug 26, 2020, 1:58 PM IST

ABOUT THE AUTHOR

...view details