ਬਰਨਾਲਾ: ਪਿੰਡ ਵਿਧਾਤਾ ਦੇ ਇੱਕ ਨੌਜਵਾਨ ਦੀ ਦੁਬਈ ਵਿੱਚ ਹੋਈ ਮੌਤ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਹਾਲੇ ਤੱਕ ਉਸ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਨਹੀਂ ਪੁੱਜੀ। ਜਿਸ ਕਾਰਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪੁੱਤਰ ਜਸਵੰਤ ਸਿੰਘ ਉਮਰ 30 ਸਾਲ ਤਕਰੀਬਨ ਚਾਰ ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਦੁਬਈ ਗਿਆ ਸੀ।
ਪੰਜਾਬੀ ਨੌਜਵਾਨ ਦੀ ਦੁਬਈ 'ਚ ਮੌਤ, ਮ੍ਰਿਤਕ ਦੇਹ ਨੂੰ ਉਡੀਕ ਰਿਹਾ ਪਰਿਵਾਰ ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 7 ਮਈ ਨੂੰ ਪਿੰਡਾਂ ਦੇ ਕਿਸੇ ਨੌਜਵਾਨ ਦਾ ਫੋਨ ਆਇਆ ਕਿ ਜਸਵੰਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਅਗਲੇ ਦਿਨ ਹੀ ਉਨ੍ਹਾਂ ਨੇ ਅਰਜ਼ੀ ਐਮਐਲਏ ਕੁਲਵੰਤ ਸਿੰਘ ਪੰਡੋਰੀ ਰਾਹੀਂ ਭਗਵੰਤ ਮਾਨ ਨੂੰ ਦੇ ਦਿੱਤੀ ਕਿ ਜਸਵੰਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਵਿਧਾਤਾ ਵਿਖੇ ਲਿਆਂਦੀ ਜਾਵੇ ਅਤੇ ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਨੂੰ ਫਾਈਲ ਵੀ ਭੇਜ ਦਿੱਤੀ ਅਤੇ ਉਨ੍ਹਾਂ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਪਰ ਅੱਜ ਸਵਾ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਜਸਵੰਤ ਸਿੰਘ ਦੀ ਮ੍ਰਿਤਕ ਦੀ ਦੇਹ ਪਿੰਡ ਨਹੀਂ ਆਈ। ਜਦੋਂ ਕਿ ਪਰਿਵਾਰ ਦਾ ਸਵਾ ਮਹੀਨੇ ਤੋਂ ਰੋ-ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ।
ਹਰਬੰਸ ਸਿੰਘ ਨੇ ਕਿਹਾ ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਬਹੁਤ ਪਤਲੀ ਸੀ ਪਰ ਹੁਣ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ। ਹੁਣ ਦੁਬਈ ਤੋਂ ਕਿਸੇ ਨੌਜਵਾਨ ਦਾ ਫੋਨ ਆਇਆ ਹੈ ਕਿ ਤੁਹਾਡੇ ਮੁੰਡੇ ਜਸਵੰਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਨਹੀਂ ਭੇਜੀ ਜਾ ਰਹੀ ਸਗੋਂ ਦੁਬਈ ਦੀ ਸਰਕਾਰ ਨੇ ਉੱਥੇ ਹੀ ਉਸਦੀ ਮ੍ਰਿਤਕ ਦੇਹ ਦਾ ਸੰਸਕਾਰ ਕਰ ਦਿੱਤਾ ਹੈ।
ਇਹ ਵੀ ਪੜੋ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖ਼ੁਦਕੁਸ਼ੀ, ਬਾਲੀਵੁੱਡ 'ਚ ਸੋਗ ਦੀ ਲਹਿਰ
ਇਸ ਮੌਕੇ 'ਤੇ ਮੌਜੂਦ ਹਲਕਾ ਮਹਿਲ ਕਲਾਂ ਦੇ ਐਮਐਲਏ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਨੌਜਵਾਨ ਜਸਵੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਆਮ ਆਦਮੀ ਪਾਰਟੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇਸ ਸਬੰਧੀ ਕੋਈ ਵੀ ਠੋਸ ਜਵਾਬ ਨਹੀਂ ਮਿਲ ਰਿਹਾ। ਉਨ੍ਹਾਂ ਪੰਜਾਬ ਦੀ ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਜਾਣ ਤਾਂ ਜੋ ਪੰਜਾਬ ਦੇ ਨੌਜਵਾਨਾਂ ਦੀ ਬਾਹਰਲੇ ਮੁਲਕਾਂ ਵਿੱਚ ਮਿੱਟੀ ਨਾ ਰੁਲੇ। ਉਨ੍ਹਂ ਕਿਹਾ ਜੋ ਵੀ ਨੌਜਵਾਨਾਂ ਦੀ ਮਿੱਟੀ ਬਾਹਰਲੇ ਮੁਲਕਾਂ ਵਿੱਚ ਰੁਲ ਰਹੀ ਹੈ, ਉਨ੍ਹਾਂ ਨੂੰ ਸਮੇਂ ਰਹਿੰਦੇ ਭਾਰਤ ਲਿਆ ਕੇ ਪਰਿਵਾਰਾਂ ਨੂੰ ਸੌਂਪਿਆ ਜਾਵੇ।