ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਇੱਥੇ ਤਰਕਸ਼ੀਲ ਭਵਨ ਵਿਖੇ ‘ਸਿੱਖ ਸ਼ਹਾਦਤਾਂ ਦਾ ਜੁਝਾਰੂ ਵਿਰਸਾ ਅਤੇ ਮੌਜੂਦਾ ਕਿਸਾਨ ਲਹਿਰ ਨਾਲ ਸਰੋਕਾਰ ’ਵਿਸ਼ੇ ’ਤੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਇਸ ਵਿੱਚ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚੋਂ ਜਥੇਬੰਦੀ ਦੇ ਆਗੂ ਅਤੇ ਸਰਗਰਮ ਵਰਕਰ ਸ਼ਾਮਿਲ ਹੋਏ। ਕਨਵੈਨਸ਼ਨ ਦੀ ਸ਼ੁਰੂਆਤ ਵਿੱਚ ਪੋਹ ਮਹੀਨੇ ਸਿੱਖ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਮੌਜੂਦਾ ਦੌਰ ਸਮੇਂ ਜਾਬਰ ਪ੍ਰਬੰਧ ਖਿਲਾਫ਼ ਲੜਾਈ ਜਾਰੀ ਰੱਖਣ ਦਾ ਅਹਿਦ ਕੀਤਾ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ‘ਲਾਲ ਪਰਚਮ’ ਦੇ ਸੰਪਾਦਕ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਸਾਜਨਾ ਦਾ ਵਮ ਉਦੇਸ਼ ਜ਼ਬਰ ਜ਼ੁਲਮ ਦਾ ਵਿਰੋਧ ਕਰਨਾ ਅਤੇ ਲੋਕਾਂ ਵਿੱਚ ਆਪਣਾ ਬਰਾਬਰੀ ਤੇ ਭਾਈਚਾਰੇ ਦਾ ਸੰਦੇਸ਼ ਦੇਣਾ ਸੀ।
ਲਾਲੋਆਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਅੱਗੇ ਵਧਾਉ:ਅਜੋਕੇ ਕਥਿਤ ਪੰਥਕ ਕਹਾਉਂਦੇ ਆਗੂ ਇਸ ਸ਼ਾਨਾਮੱਤੀ ਵਿਰਾਸਤ ਨੂੰ ਆਪਣੀਆਂ ਸੌੜੀਆਂ ਖਾਹਿਸ਼ਾਂ ਲਈ ਵਰਤਣ ਦੇ ਯਤਨ ਕਰ ਰਹੇ ਹਨ। ਕਨਵੈਨਸ਼ਨ ਵਿੱਚ ਸ਼ਾਮਲ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਿੱਖ ਸ਼ਹਾਦਤਾਂ ਦੇ ਜੁਝਾਰੂ ਵਿਰਸੇ ਤੋਂ ਪ੍ਰੇਰਨਾ ਲੈਂਦੇ ਹੋਏ ਕਿਸਾਨ ਲਹਿਰ ਨੂੰ ਸਾਮਰਾਜੀ ਲੁੱਟ ਖਤਮ ਕਰ ਕੇ ਭਾਈ ਲਾਲੋਆਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਅੱਗੇ ਵਧਾਉਣ। ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਸਾਨੀ ਨੂੰ ਇਤਿਹਾਸਕ ਯੋਗਦਾਨ ਬਾਰੇ ਚਰਚਾ ਕੀਤੀ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਕਿਸਾਨਾਂ ’ਤੇ ਹੋਏ ਹਮਲੇ ਮਾਮਲੇ ‘ਚ ਘੋਰ ਬੇਇਨਸਾਫ਼ੀ ਦਾ ਮੁੱਦਾ ਉਭਾਰਿਆ। ਜਥੇਬੰਦੀ ਦੇ ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ, ਮੁਲਾਜ਼ਮ ਆਗੂ ਗੁਰਮੀਤ ਸੁਖਪੁਰਾ ਤੇ ਔਰਤ ਵਿੰਗ ਦੀ ਆਗੂ ਬੀਬੀ ਅੰਮ੍ਰਿਤ ਪਾਲ ਕੌਰ ਨੇ ਵੀ ਵਿਚਾਰ ਰੱਖੇ। ਅਖੀਰ ‘ਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪਹਿਲਵਾਨ ਕੁੜੀਆਂ ਦੇ ਸੰਘਰਸ਼ ਦਾ ਜ਼ਿਕਰ ਕੀਤਾ। ਸਟੇਜ ਸੰਚਾਲਨ ਸਾਹਿਬ ਸਿੰਘ ਬਡਬਰ ਨੇ ਬਾਖੂਬੀ ਕੀਤਾ। ਬਲਦੇਵ ਮੰਡੇਰ ਤੇ ਲਖਵਿੰਦਰ ਸਿੰਘ ਲੱਖਾ ਨੇ ਸ਼ਹਾਦਤਾਂ ਨਾਲ ਸਬੰਧਤ ਇਨਕਲਾਬੀ ਗੀਤ ਗਾਏ।