ਬਰਨਾਲਾ: ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ 27 ਲੱਖ 62 ਹਜ਼ਾਰ 137 ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 70 ਲੱਖ 3 ਹਜ਼ਾਰ 800 ਰੁਪਏ ਦੀ ਡਰੱਗ ਮਨੀ ਸਮੇਤ 20 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।
ਆਗਰਾ ਗੈਂਗ ਦੇ ਨਾਂਅ ਨਾਲ ਮਸ਼ਹੂਰ ਇਹ ਨਸ਼ਾ ਤਸਕਰ ਦੇਸ਼ ਦੇ 11 ਰਾਜਾਂ ਵਿੱਚ 10 ਤੋਂ 12 ਕਰੋੜ ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਟੀਕੇ ਸਪਲਾਈ ਕਰਦੇ ਸਨ। ਪੁਲਿਸ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਦਿੱਲੀ, ਹਰਿਆਣਾ, ਪੰਜਾਬ, ਉਤਰ ਪ੍ਰਦੇਸ਼ ਦੇ ਅਲੱਗ-ਅਲੱਗ ਥਾਵਾਂ ਤੋਂ ਕਾਬੂ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਤੋਂ 5 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਸਾਰਿਆਂ ’ਤੇ ਪਰਚਾ ਦਰਜ ਕਰਕੇ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
11 ਰਾਜਾਂ ’ਚ ਨਸ਼ਾ ਸਪਲਾਈ ਕਰਨ ਵਾਲੇ ਗੈਂਗ ਦਾ ਬਰਨਾਲਾ ਪੁਲਿਸ ਨੇ ਕੀਤਾ ਪਰਦਾਫ਼ਾਸ਼ ਇਸ ਸਬੰਧੀ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਕੁੱਝ ਸਮੇਂ ਪਹਿਲਾਂ ਮਥੁਰਾ ਗੈਂਗ ਨੂੰ ਕਾਬੂ ਕਰਕੇ 44 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ ਡੇਢ ਕਰੋੜ ਰੁਪਏ ਤੋਂ ਵੱਧ ਡਰੱਗ ਮਨੀ ਬਰਾਮਦ ਕੀਤੀ ਸੀ। ਇਸੇ ਮਾਮਲੇ ਵਿੱਚ ਅੱਗੇ ਕਾਰਵਾਈ ਕਰਦੇ ਹੋਏ ਪੁਲਿਸ ਨੂੰ ਕੁਝ ਹੋਰ ਨਸ਼ਾ ਤਸਕਰਾਂ ਦਾ ਪਤਾ ਲੱਗਿਆ, ਜਿਸਤੋਂ ਬਾਅਦ ਟੀਮ ਬਣਾ ਕੇ ਆਗਰਾ ਗੈਂਗ ਦੇ ਨਾਂਅ ਨਾਲ ਮਸ਼ਹੂਰ 20 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਤੋਂ ਪੁਲਿਸ ਨੂੰ 27 ਲੱਖ 62 ਹਜ਼ਾਰ 137 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਟੀਕੇ ਬਰਾਮਦ ਹੋਏ ਹਨ। ਇਸਤੋਂ ਇਲਾਵਾ ਇਨ੍ਹਾਂ ਤਸਕਰਾਂ ਤੋਂ 70 ਲੱਖ 3 ਹਜ਼ਾਰ 800 ਰੁਪਏ ਦੀ ਡਰੱਗ ਮਨੀ ਅਤੇ 5 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਖੁਲਾਸਾ ਕਰਦੇ ਹੋਏ ਕਿਹਾ ਕਿ ਆਗਰਾ ਗੈਂਗ ਨਾਲ ਮਸ਼ਹੂਰ ਇਹ ਨਸ਼ਾ ਤਸਕਰ ਦੇਸ਼ ਦੇ 11 ਰਾਜਾਂ ਵਿੱਚ ਹਰ ਮਹੀਨੇ 10 ਤੋਂ 12 ਕਰੋੜ ਨਸ਼ੀਲੀਆਂ ਗੋਲੀਆਂ ਭੇਜ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਸਨ। ਗਿਰੋਹ ਦੇ ਮੁਖੀ ਹਰੀਸ ਨੂੰ ਬਰਨਾਲਾ ਪੁਲਿਸ ਨੇ ਪੱਛਮੀ ਬੰਗਾਲ ਤੋਂ ਕਾਬੂ ਕੀਤਾ ਹੈ। ਇਸਤੋਂ ਇਲਾਵਾ ਗਿਰੋਹ ਦੇ ਬਾਕੀ ਮੈਂਬਰ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਦਿੱਲੀ ਦੇ ਅਲੱਗ ਅਲੱਗ ਸ਼ਹਿਰਾਂ ਤੋਂ ਕਾਬੂ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਨਸ਼ੇ ਦੀ ਇੱਕ ਵੱਡੀ ਨਸ਼ਾ ਸਪਲਾਈ ਚੈਨ ਟੁੱਟੀ ਹੈ। ਜਿਹੜੇ 11 ਰਾਜਾਂ ਵਿੱਚ ਇਹ ਲੋਕ ਨਸ਼ਾ ਸਪਲਾਈ ਕਰਦੇ ਸਨ, ਉਨ੍ਹਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਨਸ਼ਾ ਤਸਕਰਾਂ ਤੋਂ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਨਸ਼ੇ ਦੀ ਇੱਕ ਵੱਡੀ ਖੇਪ ਜਲਦੀ ਹੀ ਬਰਾਮਦ ਹੋ ਸਕਦੀ ਹੈ।