ਬਰਨਾਲਾ : ਸ਼ਹਿਰ ਦੀ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਸ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਬਰਨਾਲਾ ਦੇ ਡੀਐੱਸਪੀ ਰਾਜੇਸ਼ ਛਿੱਬਰ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦੀ ਗੋਬਿੰਦ ਕਾਲੋਨੀ 'ਚ ਕੁੱਝ ਦਿਨ ਪਹਿਲਾਂ ਇੱਕ ਮਹਿਲਾਂ ਕੋਲੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆ ਵੱਲੋਂ ਸੋਨੇ ਦੀਆਂ ਵਾਲੀਆਂ ਲੁੱਟੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ।
ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 2 ਮੁਲਜ਼ਮ ਗ੍ਰਿਫ਼ਤਾਰ ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਬਰਨਾਲਾ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਲਖਵੀਰ ਸਿੰਘ ਅਤੇ ਸਾਹਿਲਦੀਪ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਚੋਰੀ ਦਾ ਇੱਕ ਮੋਟਰਸਾਈਕਲ, 5 ਜੋੜੇ ਵਾਲੀਆਂ, 1 ਸੈਟ ਸੋਨੇ ਦੇ ਕਾਂਟੇ ਅਤੇ ਸੋਨੇ ਦੇ ਹੋਰ ਗਹਿਣੇ ਬਰਾਮਦ ਕੀਤੇ ਗਏ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਇਨ੍ਹਾਂ ਵਾਰਦਾਤਾਂ 'ਚ ਦੋ ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। 2 ਹੋਰ ਮੁਲਜ਼ਮ ਬੱਬਲਜੀਤ ਅਤੇ ਗਗਨਦੀਪ ਸਿੰਘ ਫ਼ਰਾਰ ਹਨ। ਇਨ੍ਹਾਂ ਮੁਲਜ਼ਮਾਂ ਵੱਲੋਂ ਰਾਤ ਵੇਲੇ ਬਰਨਾਲਾ ਅਤੇ ਸੰਗਰੂਰ ਦੇ ਰਾਹ ਵਿਚਾਲੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਸੀ।
ਮੁਲਜ਼ਮ ਇਹ ਅਪਰਾਧ ਨਸ਼ਾ ਖ਼ਰੀਦਣ ਲਈ ਕਰਦੇ ਸਨ। ਮੁਲਜ਼ਮ ਲੁੱਟੇ ਹੋਏ ਸੋਨੇ ਦੇ ਗਹਿਣੀਆਂ ਨੂੰ ਇੱਕ ਨਿੱਜੀ ਫਾਈਨਾਂਸ ਕੰਪਨੀ 'ਚ ਜਮਾ ਕਰਵਾ ਕੇ ਲੋਨ ਲੈਂਦੇ ਸਨ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਸਾਰੇ ਹੀ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।