ਬਰਨਾਲਾ:ਪੁਲਿਸ ਪ੍ਰਸ਼ਾਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਐਸਐਸਪੀ ਹਰਜੀਤ ਸਿੰਘ ਦੀ ਅਗਵਾਈ ਵਿੱਚ ਵਾਈਐਸ ਕਾਲਜ ਹੰਢਿਆਇਆ ਵਿਖੇ ਕਰਵਾਇਆ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਡੀਸੀ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਉਘੇ ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਵਾਤਾਵਰਨ ਪ੍ਰੇਮੀ ਬਲਵਿੰਦਰ ਸਿੰਘ ਲੱਖੇਵਾਲੀ, ਤੋਤਾ ਸਿੰਘ ਦੀਨਾ, ਡਾ.ਅਮਨਦੀਪ ਸਿੰਘ ਟੱਲੇਵਾਲੀਆ, ਡਾ.ਤਰਸਪਾਲ ਕੌਰ, ਐਸਪੀ(ਡੀ) ਸੁਖਦੇਵ ਸਿੰਘ ਵਿਰਕ ਵਲੋਂ ਸੰਬੋਧਨ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਇੱਕ ਓਂਕਾਰ ਦਾ ਦਿੱਤਾ ਸੰਦੇਸ਼ ਇਹ ਦਰਸਾਉਂਦਾ ਹੈ ਕਿ ਪਰਮਾਤਮਾ ਇੱਕ ਹੈ। ਭਾਂਵੇਂ ਉਹ ਸਿੱਖ ਹੋਵੇ, ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ। ਸਭ ਇੱਕ ਪਰਮਾਤਮਾ ਦੀ ਸੰਤਾਨ ਹਨ। ਸਾਨੂੰ ਧਾਰਮਿਕ ਵਖਰੇਵੇਂ ਤਿਆਗ ਕੇ ਗੁਰੂ ਸਾਹਿਬ ਦੇ ਇੱਕ ਸੰਦੇਸ਼ ਨੂੰ ਆਪਣੀ ਜਿੰਦਗੀ ਵਿੱਚ ਗ੍ਰਹਿਣ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਸੰਦੇਸ਼ ਦਿੱਤਾ ਹੈ। ਜਿਸ 'ਤੇ ਅੱਜ ਚੱਲਣ ਦੀ ਲੋੜ ਹੈ।
ਅਜੋਕੇ ਯੁੱਗ ਵਿੱਚ ਮਲਕ ਭਾਗੋਆਂ ਦੀ ਗਿਣਤੀ ਵਧ ਗਈ ਹੈ, ਜਿਸ ਕਰਕੇ ਸਾਨੂੰ ਭਾਈ ਲਾਲੋ ਬਨਣ ਦੀ ਲੋੜ ਹੈ। ਗੁਰਬਾਣੀ ਸੰਦੇਸ਼ ਅਨੁਸਾਰ ਵਾਤਾਵਰਨ ਸੰਭਾਲਣ ਦੀ ਲੋੜ ਹੈ।