ਬਰਨਾਲਾ: ਸੀਆਈਏ ਸਟਾਫ਼ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤੀ ਕਰਦੇ ਹੋਏ ਸ਼ਹਿਰ ਦੇ ਬਾਜ਼ਾਰਾਂ ਵਿੱਚ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਤਿੰਨ ਦੁਕਾਨਾਂ ਤੋਂ ਚਾਈਨਾ ਡੋਰ ਦੇ 391 ਗੱਟੂ ਬਰਾਮਦ ਕੀਤੇ ਗਏ ਹਨ। ਚਾਈਨਾ ਡੋਰ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਗਿਆ ਹੈ।
ਬਰਨਾਲਾ ਪੁਲਿਸ ਨੇ 391 ਗੱਟੂ ਚਾਈਨਾ ਡੋਰ ਸਮੇਤ ਤਿੰਨ ਵਿਅਕਤੀ ਕੀਤੇ ਕਾਬੂ ਟੀਮਾਂ ਬਣਾ ਕੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਡੋਰ
ਸੀਆਈਏ ਸਟਾਫ਼ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਦੀਆਂ ਸਖ਼ਤ ਹਦਾਇਤਾਂ 'ਤੇ ਬੁੱਧਵਾਰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਦੀਆਂ ਤਿੰਨ ਟੀਮਾਂ ਬਣਾ ਕੇ ਸ਼ਹਿਰ ਦੇ ਬਾਜ਼ਾਰਾਂ ਵਿਚਲੀਆਂ ਦੁਕਾਨਾਂ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਭਾਰੀ ਮਾਤਰਾ ਵਿੱਚ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ। ਚਾਈਨਾ ਡੋਰ ਵੇਚਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ 'ਤੇ ਚਾਈਨਾ ਡੋਰ ਨੂੰ ਲੈ ਕੇ ਛਾਪੇਮਾਰੀ ਜਾਰੀ ਰਹੇਗੀ।
ਪਹਿਲੀ ਵਾਰ ਮੰਗਵਾਈ ਸੀ ਚਾਈਨਾ ਡੋਰ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਚਾਈਨਾ ਡੋਰ ਦਿੱਲੀ ਤੋਂ ਉਨ੍ਹਾਂ ਦੀਆਂ ਦੁਕਾਨਾਂ ਤੱਕ ਪਹੁੰਚਦੀ ਹੈ ਅਤੇ ਕੰਪਨੀਆਂ ਵਾਲੇ ਖ਼ੁਦ ਉਨ੍ਹਾਂ ਦੀਆਂ ਦੁਕਾਨਾਂ ਤੱਕ ਇਹ ਡੋਰ ਛੱਡ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਪਹਿਲੀ ਵਾਰ ਹੀ ਇਹ ਡੋਰ ਮੰਗਵਾਈ ਸੀ ਅਤੇ ਫੜੇ ਗਏ।