ਬਰਨਾਲਾ: ਜ਼ਿਲ੍ਹਾ ਪੁਲਿਸ ਵਲੋਂ ਸ਼ਹਿਰ ਚੋਂ ਗੈਂਗਸਟਰਾਂ ਦੇ ਗਿਰੋਹ ਤੋਂ ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਗਿਰੋਹ 5 ਮੈਬਰਾਂ ਦਾ ਹੈ ਜਿਸ ਚੋਂ 4 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਪੰਜਵਾਂ ਫ਼ਰਾਰ ਹੋ ਗਿਆ।
ਦੱਸਣਯੋਗ ਹੈ ਕਿ ਗ੍ਰਿਫ਼ਤਾਰ ਹੋਏ ਮੁਲਜ਼ਮਾਂ 'ਤੇ ਪਹਿਲਾਂ ਵੀ ਕਤਲ, ਲੁੱਟ-ਖੋਹ, ਧੋਖਾਧੜੀ ਵਰਗੇ ਗੰਭੀਰ ਮਾਮਲੇ ਦਰਜ ਹਨ। ਉਹ ਉਨ੍ਹਾਂ ਮਾਮਲਿਆਂ ਤੋਂ ਬਰੀ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਵੱਡੇ ਗੈਂਗਸਟਰਾਂ ਨਾਲ ਸੰਬੰਧ ਹਨ।
ਬਰਨਾਲਾ ਤੋਂ ਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼, ਬਰਨਾਲਾ ਨੇ ਪੰਜ ਮੈਂਬਰਾਂ ਦੇ ਗੈਂਗਸਟਰ ਗਰੋਹ ਚੋਂ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੌਕੇ 'ਤੇ ਮੁਲਜ਼ਮਾਂ ਕੋਲੋਂ 2 ਪਿਸਟਲ 32 ਬੋਰ, 2 ਪਿਸਟਲ 30 ਬੋਰ ਤੇ 1 ਪਿਸਟਲ 315 ਬੋਰ ਸਮੇਤ 11 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਗਰੋਹ ਬਰਨਾਲਾ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ।