ਬਰਨਾਲਾ: ਜਿੱਥੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲੋਕ ਦੁਖੀ ਹਨ, ਉੱਥੇ ਲੋਕਾਂ ਦੀਆਂ ਆਮ ਸਮੱਸਿਆਵਾਂ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਬਰਨਾਲਾ ਦੇ ਲੁਧਿਆਣਾ ਰੋਡ ਨੂੰ ਸੀਵਰੇਜ ਪਾਉਣ ਲਈ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਪੁੱਟਿਆ ਗਿਆ ਸੀ, ਜਿਸ ''ਤੇ ਸੀਵਰੇਜ ਪਾਏ ਨੂੰ ਕਰੀਬ ਇੱਕ ਸਾਲ ਹੋ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਇੱਥੇ ਸੜਕ ਨਹੀਂ ਬਣਾਈ ਜਾ ਰਹੀ, ਜਿਸ ਕਾਰਨ ਇਸ ਰਾਹ 'ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਲੋਕਾਂ ਦਾ ਇਸ ਰਸਤੇ ਤੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ਸ਼ਨਿੱਚਰਵਾਰ ਨੂੰ ਇਸ ਰਸਤੇ ਦੇ ਪੀੜਤ ਲੋਕਾਂ ਵੱਲੋਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਮਾੜੇ ਵਿਕਾਸ ਪ੍ਰਬੰਧਾਂ ਤੋਂ ਦੁਖੀ ਬਰਨਾਲਾ ਨਿਵਾਸੀ ਸੰਘਰਸ਼ ਕਰਨ ਦੀ ਤਿਆਰੀ 'ਚ - Barnala to Ludhiana
ਬਰਨਾਲਾ ਦੇ ਲੁਧਿਆਣਾ ਰੋਡ ਨੂੰ ਸੀਵਰੇਜ ਪਾਉਣ ਲਈ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਪੁੱਟਿਆ ਗਿਆ ਸੀ, ਪਰ ਸੜਕ ਹਾਲੇ ਤੱਕ ਦੁਬਾਰਾ ਨਹੀਂ ਬਣਾਈ ਗਈ, ਜਿਸ ਨੂੰ ਲੈ ਕੇ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਬਰਨਾਲਾ ਤੋਂ ਲੁਧਿਆਣਾ ਨੂੰ ਜਾ ਰਹੀ ਇਸ ਸੜਕ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਸੀਵਰੇਜ ਪਾਉਣ ਲਈ ਪੁੱਟਿਆ ਗਿਆ ਸੀ। ਕਰੀਬ ਇੱਕ ਸਾਲ ਤੋਂ ਇਸ ਰਸਤੇ 'ਤੇ ਸੀਵਰੇਜ ਪਾਇਆ ਜਾ ਚੁੱਕਿਆ ਹੈ, ਪਰ ਇਸ ਸੜਕ ਨੂੰ ਨਹੀਂ ਬਣਾਇਆ ਜਾ ਰਿਹਾ। ਇਸ ਮਾਰਗ 'ਤੇ ਪੰਜ ਸਕੂਲ, ਗੁਰਦੁਆਰਾ, ਖੇਡ ਸਟੇਡੀਅਮ, ਪਾਸ਼ ਕਾਲੋਨੀਆਂ ਤੋਂ ਇਲਾਵਾ ਲੋਕਾਂ ਦੇ ਕਾਰੋਬਾਰ ਵੀ ਹਨ ਪਰ ਇਸ ਸੜਕ 'ਤੇ ਵੱਡੇ-ਵੱਡੇ ਟੋਏ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਸਤੇ ਦੇ ਸਾਰੇ ਕਾਰੋਬਾਰੀਆਂ ਦੇ ਕੰਮ ਠੱਪ ਹੋ ਚੁੱਕੇ ਹਨ। ਸੜਕ ਦੀ ਮਾੜੀ ਹਾਲਤ ਕਾਰਨ ਇਸ ਜਗ੍ਹਾ 'ਤੇ ਕਈ ਵਿਅਕਤੀਆਂ ਦੀ ਜਾਨ ਵੀ ਚਲੀ ਗਈ ਹੈ। ਵੱਡੇ-ਵੱਡੇ ਟੋਏ ਹੋਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ।