ਬਰਨਾਲਾ :ਯੂਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਦਰਮਿਆਨ ਕਰਵਾਏ ਗਏ ਕ੍ਰਿਕਟ ਮੈਚ ਵਿੱਚ ਬਰਨਾਲਾ ਤੋਂ ਵਿਧਾਇਕ ਅਤੇ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਛਾਏ ਰਹੇ। ਸੈਕਟਰ 16 ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ 15-15 ਓਵਰਾਂ ਦੇ ਮੈਚ ਵਿੱਚ ਮੀਤ ਹੇਅਰ ਨੇ 12 ਛੱਕਿਆਂ ਅਤੇ 13 ਚੌਕਿਆਂ ਦੀ ਮਦਦ ਨਾਲ ਮਹਿਜ਼ 53 ਗੇਂਦਾਂ ਉਤੇ ਨਾਬਾਦ 150 ਦੌੜਾਂ ਦੀ ਪਾਰੀ ਖੇਡ ਜਿਸ ਸਦਕਾ ਪੰਜਾਬ ਸਪੀਕਰ ਇਲੈਵਨ ਨੇ ਹਰਿਆਣਾ ਸਪੀਕਰ ਇਲੈਵਨ ਨੂੰ 95 ਦੌੜਾਂ ਨਾਲ ਹਰਾਇਆ।
ਮੀਤ ਹੇਅਰ ਇਸ ਮੈਚ ਦੇ ਮੈਨ ਆਫ਼ ਦ ਮੈਚ ਰਹੇ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ਦੇ ਨੁਕਸਾਨ ਉੱਤੇ 15 ਓਵਰਾਂ ਵਿੱਚ 235 ਦੌੜਾਂ ਬਣਾਈਆਂ ਜਦਕਿ ਹਰਿਆਣਾ ਦੀ ਟੀਮ 15 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 140 ਦੌੜਾਂ ਹੀ ਬਣਾ ਸਕੀ। ਇਸ ਮੈਚ ਦੇ ਸ਼ੁਰੁ ਵਿੱਚ ਪੰਜਾਬ ਸਪੀਕਰ-ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਮੀਤ ਹੇਅਰ ਅਤੇ ਵਿਧਾਇਕ ਅਮੋਲਕ ਸਿੰਘ ਨੇ ਸਲਾਮੀ ਬੱਲੇਬਾਜ਼ ਵਜੋਂ ਸ਼ੁਰੂਆਤ ਕੀਤੀ। ਤੀਜੀ ਵਿਕਟ ਲਈ ਮੀਤ ਹੇਅਰ ਦਾ ਬਾਖੂਬੀ ਸਾਥ ਦੇਣ ਵਾਲੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ 8 ਚੌਕਿਆਂ ਦੀ ਮਦਦ ਨਾਲ ਨਾਬਾਦ 54 ਦੌੜਾਂ ਬਣਾਈਆਂ।ਮੀਤ ਹੇਅਰ ਤੇ ਸ਼ੈਰੀ ਕਲਸੀ ਵਿਚਕਾਰ ਨਾਬਾਦ 191 ਦੌੜਾਂ ਦੀ ਸਾਂਝੇਦਾਰੀ ਹੋਈ ਜਿਸ ਸਦਕਾ ਪੰਜਾਬ ਨੇ ਵਿਸ਼ਾਲ ਸਕੋਰ ਬਣਾਇਆ।