ਬਰਨਾਲਾ: ਜ਼ਿਲੇ ਵਿਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।ਸਿਹਤ ਵਿਭਾਗ ਵੱਲੋਂ ਕੋਰੋਨਾ ਨਾਲ ਨਿਪਟਣ ਦੇ ਲਈ ਯਤਨ ਕੀਤੇ ਜਾ ਰਹੇ ਹਨ।ਕੋਰੋਨਾ ਨੂੰ ਲੈ ਕੇ 50 ਬੈਡਾਂ ਦਾ ਆਰਜ਼ੀ ਕੋਵਿਡ ਸੈਂਟਰ ਸੋਹਲ ਪੱਤੀ ਵਿਖੇ ਬਣਾਇਆ ਗਿਆ ਹੈ ਪਰ ਐਮਰਜੈਂਸੀ ਹਾਲਾਤ ਨਾਲ ਨਿਪਟਣ ਦੇ ਲਈ ਵੈਂਟੀਲੇਟਰ ਦੀ ਸਹੂਲਤ ਪੂਰੇ ਜ਼ਿਲ੍ਹੇ ਵਿਚ ਮੌਜੂਦ ਨਹੀਂ ਹੈ।
ਬੀਤੇ ਸਾਲ ਕੋਰੋਨਾ ਦੌਰਾਨ ਸਰਕਾਰੀ ਹਸਪਤਾਲ ਵਿਚ ਵੈਂਟੀਲੇਟਰ ਦੀ ਸਹੂਲਤ ਦੇਣ ਦਾ ਐਲਾਨ ਹੋਇਆ ਸੀ ਪਰ ਉਹ ਸਿਰਫ਼ ਕਾਗ਼ਜ਼ਾਂ ਤੱਕ ਸਿਮਟ ਕੇ ਰਹਿ ਗਿਆ।ਦੱਸਦੇਈਏ ਕਿ ਸਰਕਾਰੀ ਹਸਪਤਾਲ ਵਿਚ ਭਾਵੇਂ ਵੈਂਟੀਲੇਟਰ ਪਏ ਹਨ ਪਰ ਇਸ ਨੂੰ ਚਲਾਉਣ ਲਈ ਲੋੜੀਂਦੇ ਸਟਾਫ਼ ਦੀ ਘਾਟ ਹੈ। ਜਿਸ ਕਰਕੇ ਆਈਸੀਯੂ ਵੀ ਨਹੀਂ ਚੱਲ ਸਕਿਆ।
ਇਸ ਬਾਰੇ ਸਿਵਲ ਸਰਜਨ ਡਾ.ਹਰਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਤਹਿਤ ਜ਼ਿਲ੍ਹਾ ਪੱਧਰ ’ਤੇ ਇੱਕ ਕੋਵਿਡ ਸੈਂਟਰ ਬਣਾਇਆ ਗਿਆ ਹੈ। ਜਿਸ ਵਿੱਚ 50 ਬੈੱਡ ਕੋਵਿਡ ਮਰੀਜ਼ਾਂ ਲਈ ਲਗਾਏ ਗਏ ਹਨ। ਇਸ ਆਰਜ਼ੀ ਹਸਪਤਾਲ ਵਿੱਚ ਜ਼ਰੂਰਤ ਅਨੁਸਾਰ ਡਾਕਟਰੀ ਸਟਾਫ਼ ਮੌਜੂਦ ਹੈ, ਜੋ ਕੋਰੋਨਾ ਮਰੀਜ਼ਾਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾ ਰਿਹੈ।