ਬਰਨਾਲਾ: ਪੰਜਾਬ ਵਿੱਚ ਪੱਤਰਕਾਰਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਰੋਸ ਵਜੋਂ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਇਕਜੁੱਟ ਹੋ ਕੇ ਰੋਸ ਮਾਰਚ ਕੀਤਾ ਗਿਆ। ਜਿਸ ਉਪਰੰਤ ਪੰਜਾਬ ਸਰਕਾਰ ਦੇ ਨਾਂਅ 'ਤੇ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ।
ਪੱਤਰਕਾਰਾਂ 'ਤੇ ਹੋ ਰਹੇ ਹਮਲੇ ਨੂੰ ਲੈ ਕੇ ਬਰਨਾਲਾ 'ਚ ਰੋਸ ਪ੍ਰਦਰਸ਼ਨ
ਪੰਜਾਬ ਵਿੱਚ ਪੱਤਰਕਾਰਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਰੋਸ ਵਜੋਂ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਇਕਜੁੱਟ ਹੋ ਕੇ ਰੋਸ ਮਾਰਚ ਕੀਤਾ ਗਿਆ। ਉਸ ਉਪਰੰਤ ਪੰਜਾਬ ਸਰਕਾਰ ਦੇ ਨਾਂਅ 'ਤੇ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਬਰਨਾਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ਜਨ ਸਕੱਤਰ ਨੇ ਦੱਸਿਆ ਕਿ ਪੰਜਾਬ ਵਿੱਚ ਲਗਾਤਾਰ ਪੱਤਰਕਾਰਾਂ 'ਤੇ ਪੁਲਿਸ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਚੰਡੀਗੜ੍ਹ, ਮੁਹਾਲੀ, ਜਲੰਧਰ ਸਮੇਤ ਵੱਖ-ਵੱਖ ਥਾਵਾਂ 'ਤੇ ਪੱਤਰਕਾਰਾਂ ਉੱਤੇ ਪੁਲਿਸ ਵੱਲੋਂ ਨਾਜਾਇਜ਼ ਕੁੱਟਮਾਰ ਸਮੇਤ ਪਰਚੇ ਦਰਜ ਕੀਤੇ ਗਏ ਹਨ। ਇਸ ਕਾਰਨ ਸਮੁੱਚੇ ਪੱਤਰਕਾਰ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ 'ਤੇ ਜਦੋਂ ਹਮਲਾ ਹੋਇਆ ਸੀ ਤਾਂ ਪੁਲਿਸ ਵੱਲੋਂ 'ਮੈਂ ਵੀ ਹਾਂ ਹਰਜੀਤ ਸਿੰਘ' ਨਾਂਅ ਦੀ ਮੁਹਿੰਮ ਪੂਰੇ ਪੰਜਾਬ ਵਿੱਚ ਚਲਾਈ ਗਈ ਸੀ। ਉੱਥੇ ਹੀ ਅੱਜ ਹਰ ਇੱਕ ਪੱਤਰਕਾਰ ਨੂੰ ਵੀ ਦੱਸਣਾ ਪੈ ਰਿਹਾ ਹੈ ਕਿ 'ਮੈਂ ਵੀ ਪੱਤਰਕਾਰ ਹਾਂ'। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪੱਤਰਕਾਰਾਂ ਲਈ ਇੱਕ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜੋ ਵੀ ਵਿਅਕਤੀ ਪੱਤਰਕਾਰਾਂ ਦੇ ਕੰਮ ਵਿੱਚ ਵਿਘਨ ਪਾਵੇਗਾ ਉਸ 'ਤੇ ਡਿਊਟੀ ਵਿੱਚ ਵਿਘਨ ਪਾਉਣ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੱਤਰਕਾਰਾਂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰੇ।