ਬਰਨਾਲਾ: ਜ਼ਿਲ੍ਹੇ ਵਿੱਚ ਸਿੱਧੀ ਬਿਜਾਈ ਨੂੰ ਲੈ ਕੇ ਕਿਸਾਨ ਕਾਫ਼ੀ ਜਾਗਰੂਕ ਅਤੇ ਖੁਸ਼ ਨਜ਼ਰ ਆ ਰਹੇ ਹਨ। ਬਰਨਾਲਾ ਵਿੱਚ 20 ਤੋਂ 50 ਹਜ਼ਾਰ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ, ਜਿਸ ਵਿੱਚੋਂ 90 ਫ਼ੀਸਦੀ ਕਿਸਾਨਾਂ ਦੀ ਫ਼ਸਲ ਕਾਮਯਾਬ ਹੋਈ ਹੈ। ਕੁਦਰਤੀ ਮੀਂਹ ਨੇ ਵੀ ਇਸ ਫ਼ਸਲ ਨੂੰ ਚੰਗਾ ਫ਼ਾਇਦਾ ਦਿੱਤਾ ਹੈ।
ਕਿਸਾਨਾਂ ਵਿੱਚ ਹੈ ਖ਼ੁਸ਼ੀ ਦਾ ਮਾਹੌਲ
ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੇ ਈਟੀਵੀ ਭਾਰਤ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਖੁਸ਼ੀ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਕਰਫ਼ਿਊ ਕਾਰਨ ਉਨ੍ਹਾਂ ਨੂੰ ਮਜ਼ਦੂਰਾਂ ਦੀ ਵੱਡੀ ਸਮੱਸਿਆ ਆ ਰਹੀ ਸੀ। ਜਿਸ ਕਰ ਕੇ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ। ਜਿਸ ਦੇ ਸਦਕਾ ਉਨ੍ਹਾਂ ਦਾ ਖ਼ਰਚ ਵੀ ਘੱਟ ਹੋਇਆ ਅਤੇ ਉਨ੍ਹਾਂ ਦੀ ਫ਼ਸਲ ਵੀ ਬਹੁਤ ਵਧੀਆ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤਰੀਕੇ ਨਾਲ ਉਨ੍ਹਾਂ ਨੇ ਜਿੱਥੇ ਪਾਣੀ ਦੀ ਵੱਡੇ ਪੱਧਰ ’ਤੇ ਬੱਚਤ ਕੀਤੀ ਹੈ, ਉਥੇ ਹੀ ਮਹਿੰਗੇ ਭਾਅ ਦੇ ਡੀਜ਼ਲ ਤੋਂ ਵੀ ਬਚਾਅ ਰਿਹਾ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਕੀਤਾ ਮੁਆਇਨਾ
ਉੱਧਰ ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਬਲਦੇਵ ਸਿੰਘ ਨੇ ਕਿਹਾ ਕਿ ਇਸ ਵਾਰ ਖੇਤੀਬਾੜੀ ਵਿਭਾਗ ਵਲੋਂ ਵੱਡੇ ਪੱਧਰ ’ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਗਿਆ ਹੈ। ਜਿਸ ਕਰਕੇ ਜ਼ਿਲ੍ਹੇ ਵਿੱਚ 20-30 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਜਿਸ ਵਿੱਚੋਂ 90 ਫ਼ੀਸਦੀ ਫ਼ਸਲ ਕਾਮਯਾਬ ਹੋਈ ਹੈ। ਉਨ੍ਹਾਂ ਸਿੱਧੀ ਬਿਜਾਈ ਦੇ ਫ਼ਾਇਦੇ ਸਬੰਧੀ ਕਿਹਾ ਕਿ ਇਸ ਨਾਲ ਪਾਣੀ ਦੀ ਵੱਡੇ ਪੱਧਰ ’ਤੇ ਬੱਚਤ ਕੀਤੀ ਜਾ ਸਕਦੀ ਹੈ। ਮਜ਼ਦੂਰਾਂ ਅਤੇ ਡੀਜ਼ਲ ਦਾ ਵੀ ਖ਼ਰਚ ਬਚਦਾ ਹੈ।