ਬਰਨਾਲਾ: ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਇੱਕ ਵਾਰ ਮੁੜ ਬਹਿਸਬਾਜ਼ੀ ਸ਼ੁਰੂ ਹੋ ਗਈ ਹੈ। ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਸਾਬਕਾ ਵਿਧਾੲਕਿ ਅਤੇ ਕਾਂਗਰਸ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ।
ਬਰਨਾਲਾ: ਅਕਾਲੀਆਂ ਨੇ ਕੇਵਲ ਢਿੱਲੋਂ 'ਤੇ ਵਿਕਾਸ ਕਾਰਜਾਂ ਸਬੰਧੀ ਡਰਾਮੇਬਾਜ਼ੀ ਕਰਨ ਦੇ ਲਗਾਏ ਇਲਜ਼ਾਮ ਕਾਂਗਰਸ ਦੇ ਸਾਬਕਾ ਵਿਧਾਇਕ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤੇ ਜਾਣ 'ਤੇ ਅਕਾਲੀ ਆਗੂਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਸ਼ਹਿਰ ਦੇ ਸਾਰੇ ਵੱਡੇ ਪ੍ਰਾਜੈਕਟ ਅਕਾਲੀ ਰਾਜ ਵਿੱਚ ਲਿਆਂਦੇ ਅਤੇ ਸ਼ੁਰੂ ਕੀਤੇ ਗਏ। ਇਸ ਦਾ ਉਦਘਾਟਨ ਕਰਕੇ ਕਾਂਗਰਸੀ ਫੋਕੀ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਅਕਾਲੀ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਰਾਜ ਵਿੱਚ ਇੱਕ ਵੀ ਪੈਸਾ ਸ਼ਹਿਰ ਦੇ ਵਿਕਾਸ ਲਈ ਨਹੀਂ ਆਇਆ।
ਇਸ ਸਬੰਧੀ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸੀਵਰੇਜ ਦੇ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਰਕੇ, ਇਸ ਨੂੰ ਕਾਂਗਰਸ ਸਰਕਾਰ ਦੀ ਪ੍ਰਾਪਤੀ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਇਹ ਪ੍ਰਾਜੈਕਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਬਰਨਾਲਾ ਲਈ ਲਿਆਂਦਾ ਗਿਆ ਸੀ, ਜਿਸ ਦਾ ਨੀਂਹ ਪੱਥਰ ਟਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਨੇ ਰੱਖਿਆ ਗਿਆ ਸੀ। ਇਹ ਪ੍ਰੋਜੈਕਟ ਕੇਂਦਰੀ ਅੰਮ੍ਰਿਤਾ ਸਕੀਮ ਤਹਿਤ ਲਿਆਂਦਾ ਗਿਆ, ਜਿਸ ਲਈ 126 ਕਰੋੜ ਰੁਪਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦਿੱਤਾ ਸੀ।
ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਕੰਮਾਂ 'ਤੇ ਆਪਣੀ ਝੂਠੀ ਮੋਹਰ ਲਗਾ ਕੇ ਝੂਠੀ ਵਾਹਵਾ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸੀ ਲੀਡਰ ਨੇ ਧਨੌਲਾ ਰੋਡ ਦੇ ਅੰਡਰਬਰਿੱਜ ਨੂੰ ਆਪਣੀ ਪ੍ਰਾਪਤੀ ਦੱਸਿਆ ਗਿਆ ਸੀ, ਪਰ ਇਸ ਅੰਡਰਬ੍ਰਿਜ ਨੂੰ ਪਾਸ ਅਕਾਲੀ ਦਲ ਨੇ ਕਰਵਾਇਆ ਸੀ ਅਤੇ ਇਸਦਾ ਨੀਂਹ ਪੱਥਰ ਸੁਖਬੀਰ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਮੁੱਖ ਰੱਖ ਕੇ ਕਾਂਗਰਸ ਪਾਰਟੀ ਡਰਾਮੇਬਾਜ਼ੀ ਕਰ ਰਹੀ ਹੈ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੰਜੀਵ ਸ਼ੋਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ ਵਿਚ ਆਏ ਸਾਢੇ ਤਿੰਨ ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਇੱਕ ਪੈਸਾ ਵੀ ਵਿਕਾਸ ਕਾਰਜਾਂ ਲਈ ਕਾਂਗਰਸ ਦੇ ਰਾਜ ਵਿੱਚ ਬਰਨਾਲਾ ਸ਼ਹਿਰ ਨਹੀਂ ਆਇਆ। ਜੋ ਵੀ ਵਿਕਾਸ ਕਾਰਜ ਚੱਲ ਰਹੇ ਹਨ, ਉਹ ਨਗਰ ਕੌਂਸਲ ਦੇ ਆਪਣੇ ਫ਼ੰਡਾਂ ਨਾਲ ਚੱਲ ਰਹੇ ਹਨ। ਵੱਡੇ ਪ੍ਰਾਜੈਕਟ ਟਰੀਟਮੈਂਟ ਪਲਾਂਟ ਨੂੰ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ ਸੀ। ਕਾਂਗਰਸੀ ਲੀਡਰ ਸਿਰਫ ਫੋਟੋ ਖਿੱਚਵਾਉਣ ਲਈ ਬਰਨਾਲਾ ਆਉਂਦੇ ਹਨ।