ਪੰਜਾਬ

punjab

ETV Bharat / state

Stubble Burn Issue: ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਬਰਨਾਲਾ ਪ੍ਰਸ਼ਾਸਨ ਦੀ ਛਾਪੇਮਾਰੀ ਤੇਜ਼, ਕਈ ਥਾਵਾਂ 'ਤੇ ਨਾੜ ਨੂੰ ਲੱਗੀ ਅੱਗ ਬੁਝਾਈ - ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ

ਪਰਾਲੀ ਦੇ ਨਾੜ ਨੂੰ ਅੱਗਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਉਥੇ ਹੀ ਬਰਨਾਲਾ ਪ੍ਰਸ਼ਾਸਨ ਇੰਨ੍ਹਾਂ ਲੱਗ ਰਹੀਆਂ ਅੱਗਾਂ ਨੂੰ ਰੋਕਣ ਲਈ ਪੱਬਾਂ ਭਾਰ ਹੈ। ਜਿਥੇ ਪ੍ਰਸ਼ਾਸਨ ਕਿਸਾਨਾਂ ਵਲੋਂ ਨਾੜ ਨੂੰ ਲਾਈਆਂ ਅੱਗਾਂ ਨੂੰ ਬੁਝਾ ਰਿਹਾ ਹੈ ਤਾਂ ਉਥੇ ਹੀ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ।

Stubble Burn Issue
Stubble Burn Issue

By ETV Bharat Punjabi Team

Published : Nov 7, 2023, 7:51 PM IST

ਪਰਾਲੀ ਨੂੰ ਲੱਗੀ ਅੱਗ ਬਝਾਉਂਦਾ ਪ੍ਰਸ਼ਾਸਨ

ਬਰਨਾਲਾ: ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀ ਅਤੇ ਕਰਮਚਾਰੀ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਪਿੰਡ ਪੱਧਰ ਉੱਤੇ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੀ ਅਗਵਾਈ ਹੇਠ ਸਾਰੇ ਕਲਸਟਰ ਅਫ਼ਸਰ ਆਪਣੇ-ਆਪਣੇ ਨਿਰਧਾਰਤ ਖੇਤਰਾਂ 'ਚ ਲਗਾਤਾਰ ਕਿਸਾਨਾਂ ਨਾਲ ਸੰਪਰਕ 'ਚ ਹਨ ਅਤੇ ਉਨ੍ਹਾਂ ਦੀ ਲੋੜ ਅਨੁਸਾਰ ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਲਈ ਖੇਤੀ ਸੰਦ ਦਿਵਾਉਣ ਲਈ ਕੰਮ ਕਰ ਰਹੇ ਹਨ।

ਅੱਗ ਨਾ ਲਾਉਣ ਵਾਲੇ ਕਿਸਾਨ ਹੋਣਗੇ ਸਨਮਾਨਿਤ:ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬੇਲਰਾਂ (ਐਕਸ ਸੀਟੂ ਮੈਨੇਜਮੈਂਟ) ਅਤੇ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ (ਇਨ ਸਿਟੂ ਮੈਨੇਜਮੈਂਟ) ਨਾਲ ਪਰਾਲੀ ਦੀ ਸਾਂਭ ਸੰਭਾਲ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਕੋਈ ਵੀ ਕਿਸਾਨ ਅਗਲੀ ਫ਼ਸਲ ਬੀਜਣ ਲਈ ਕਾਹਲੀ ਵਿੱਚ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਗਾਵੇ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਏਗਾ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਕਈ ਥਾਵਾਂ 'ਤੇ ਨਾੜ ਨੂੰ ਲੱਗੀ ਅੱਗ ਬੁਝਾਈ:ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਤਵੰਤ ਸਿੰਘ ਨੇ ਪਿੰਡ ਛਾਪਾ ਅਤੇ ਕੁਰੜ ਵਿਖੇ ਲੱਗੀ ਖੇਤਾਂ 'ਚ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਨਾਲ ਮੌਕੇ ਉੱਤੇ ਪੁੱਜੇ। ਉਨ੍ਹਾਂ ਆਸ ਪਾਸ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਬਲਕਿ ਸਰਕਾਰ ਵੱਲੋਂ ਦਿੱਤੇ ਜਾਂਦੇ ਸੰਦਾਂ ਰਾਹੀਂ ਇਸ ਦਾ ਪ੍ਰਬੰਧਨ ਕੀਤਾ ਜਾਵੇ। ਇਸੇ ਤਰ੍ਹਾਂ ਉਨ੍ਹਾਂ ਪਿੰਡ ਪੰਡੋਰੀ, ਬਲਾਕ ਮਹਿਲ ਕਲਾਂ ਵਿਖੇ ਕਿਸਾਨ ਨਾਲ ਗੱਲਬਾਤ ਕੀਤੀ। ਉਨ੍ਹਾਂ ਪਿੰਡ ਹਰਦਾਸਪੁਰਾ ਵਿਖੇ ਸਹਿਕਾਰੀ ਸਭਾ ਦੇ ਕਿਸਾਨ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਪ੍ਰੇਰਿਆ ਕਿ ਵੱਧ ਤੋਂ ਵੱਧ ਖੇਤੀ ਸੰਦਾਂ ਦਾ ਪ੍ਰਯੋਗ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕੀਤਾ ਜਾਵੇ।

ਕਿਸਾਨਾਂ ਨੂੰ ਅੱਗ ਨਾ ਲਾਉਣ ਲਈ ਕਰ ਰਹੇ ਜਾਗਰੂਕ: ਇਸੇ ਤਰ੍ਹਾਂ ਉੱਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ ਨੇ ਪਿੰਡ ਫਰਵਾਹੀ ਅਤੇ ਸੇਖਾ ਵਿਖੇ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਅੱਗ ਨਾ ਲਗਾ ਕੇ ਨਾ ਕੇਵਲ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਦੇ ਹਨ ਬਲਕਿ ਆਪਣੇ ਖੇਤੀ ਖ਼ਰਚੇ ਵੀ ਘਟਾਉਣੇ ਹਨ। ਸਹਾਇਕ ਕਮਿਸ਼ਨਰ ਸੁਖਪਾਲ ਸਿੰਘ ਨੇ ਪਿੰਡ ਭਦੌੜ ਵਿਖੇ ਪੁੱਜ ਕੇ ਮੌਕੇ ਉੱਤੇ ਖੇਤਾਂ 'ਚ ਲੱਗੀ ਅੱਗ ਬੁਝਵਾਈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਦੀ ਚੰਗੀ ਸਿਹਤ ਲਈ ਪਰਾਲੀ ਨੂੰ ਅੱਗ ਨਾ ਲਗਾਉਣ।

ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਪ੍ਰੇਰਿਆ:ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਖੇਤੀਬਾੜੀ ਅਫ਼ਸਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਹਿਕਾਰਤਾ ਵਿਭਾਗ, ਪੁਲਿਸ, ਪੰਜਾਬ ਫਾਇਰ ਸਰਵਿਸ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਆਦਿ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਵੱਲੋਂ ਕਮਰ ਕਸੀ ਗਈ ਹੈ ਅਤੇ ਕਿਸਾਨਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲੋੜ ਅਨੁਸਾਰ ਖੇਤੀ ਸੰਦ ਜਿਵੇਂ ਕਿ ਬੇਲਰ, ਸੁਪਰ ਸੀਡਰ, ਹੈਪੀ ਸੀਡਰ ਆਦਿ ਉਪਲੱਬਧ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਪਰਾਲੀ ਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ।

ABOUT THE AUTHOR

...view details