ਬਰਨਾਲਾ:ਬਰਨਾਲਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਫਿਲਹਾਲ ਹੜ੍ਹਾਂ ਵਰਗੀ ਕੋਈ ਸਥਿਤੀ ਨਾ ਹੋਣ ਅਤੇ ਇਹਤਿਆਤੀ ਤੌਰ ’ਤੇ ਅਜਿਹੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਮੁਕੰਮਲ ਦਾ ਦਾਅਵਾ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੁਨਮਦੀਪ ਕੌਰ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 15 ਜੂਨ ਤੋਂ ਬਰਸਾਤਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 52 ਮਿਲੀਮੀਟਰ ਬਾਰਿਸ਼ ਹੋਈ ਹੈ। ਪਿਛਲੇ 48 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਬਾਰਿਸ਼ ਨਹੀਂ ਹੋਈ ਹੈ।
ਹੜ੍ਹ ਕੰਟਰੋਲ ਰੂਮ ਸਥਾਪਿਤ:ਉਨ੍ਹਾਂ ਕਿਹਾ ਕਿ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਲੋਕਾਂ ਨੂੰ ਬਚਾਅ ਅਤੇ ਮਦਦ ਮੁਹੱਈਆ ਕਰਵਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ 7ਵੀਂ ਐੱਨ.ਡੀ.ਆਰ.ਐੱਫ. ਟੀਮ ਬਠਿੰਡਾ, ਪਟਿਆਲਾ ਵਿਖੇ ਫੌਜ ਦੀ 9 ਮਕੈਨੀਕਲ ਯੂਨਿਟ ਅਤੇ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਕੋਈ ਵੀ ਵਿਅਕਤੀ ਮਦਦ ਲਈ ਸੰਪਰਕ ਕਰ ਸਕਦਾ ਹੈ। ਕੰਟਰੋਲ ਰੂਮ ਨੰਬਰ 01679-233031 ਹੈ।
ਬਰਨਾਲਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਸਥਿਤੀ ਦੇ ਮੁਕੰਮਲ ਪ੍ਰਬੰਧ ਦਾ ਦਾਅਵਾ
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਪਰ ਲਸਾੜਾ, ਧਨੌਲਾ ਅਤੇ ਕੁਰੜ ਸਮੇਤ ਤਿੰਨੋਂ ਡਰੇਨਾਂ ਦੀ ਸਫ਼ਾਈ ਮੁਕੰਮਲ ਕਰ ਲਈ ਗਈ ਹੈ। ਦੱਦਾਹੂਰ ਨਹਿਰ (ਬਠਿੰਡਾ ਵੱਲ), ਹਰੀਗੜ੍ਹ ਨਹਿਰ, ਬਰਨਾਲਾ ਦੇ ਰਜਬਾਹਿਆਂ, ਸਹਿਣਾ ਅਤੇ ਕਲਿਆਣ ਵਿੱਚ ਪਾਣੀ ਦੇ ਵਹਾਅ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਹੁਣ ਤੱਕ ਇਨ੍ਹਾਂ ਵਿੱਚ ਵਹਿ ਰਹੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਉਨ੍ਹਾਂ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਨਾਇਬ ਤਹਿਸੀਲਦਾਰ, ਸਿੰਚਾਈ ਵਿਭਾਗ ਦੇ ਅਧਿਕਾਰੀ ਸਮੇਤ ਐਸ.ਡੀ.ਓ., ਪਟਵਾਰੀ, ਬੇਲਦਾਰ ਆਦਿ ਨਿਰਧਾਰਤ ਥਾਵਾਂ ’ਤੇ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਚੌਕਸ ਹਨ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਬਿਜਲੀ ਦੇ ਕਰੰਟ ਆਦਿ ਦੇ ਪੁਆਇੰਟ ਨੂੰ ਖੁੱਲ੍ਹਾ ਨਾ ਛੱਡਣ। ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਟੀਮਾਂ ਨੂੰ ਤਿਆਰ ਰੱਖਣ ਤੇ ਫੂਡ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਹੈ ਕਿ ਸਟੋਰ ਆਦਿ ਵਿੱਚ ਲੋੜੀਂਦਾ ਬਾਰਦਾਨਾ ਅਤੇ ਹੋਰ ਸਪਲਾਈ ਰੱਖਣ।