ਬਰਨਾਲਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਦੇ ਵਿਰੋਧ ’ਚ ਕਿਸਾਨਾਂ ਦਾ ਰੋਸ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸ ਦਾ ਖ਼ਮਿਆਜਾ ਰਾਜਨੀਤਕ ਪਾਰਟੀਆਂ ਨੂੰ ਭੁਗਤਣਾ ਪੈ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਪਿੰਡਾਂ ਵਿੱਚ ਸਿਆਸੀ ਲੋਕਾਂ ਦੇ ਬਾਇਕਾਟ ਕੀਤੇ ਜਾ ਰਹੇ ਹਨ।
ਇਸੇ ਤਹਿਤ ਅੱਜ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਸਿਆਸੀ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਗਈ ਹੈ। ਜਿਸ ਤਹਿਤ ਅੱਜ ਜਥੇਬੰਦੀ ਦੀ ਅਗਵਾਈ ’ਚ ਪਿੰਡ ਵਾਸੀਆਂ ਨੇ ਬੱਸ ਅੱਡੇ ’ਤੇ ਸਿਆਸੀ ਪਾਰਟੀਆਂ ਦੇ ਬਾਇਕਾਟ ਦਾ ਬੈਨਰ ਲਗਾ ਕੇ ਚਿਤਾਵਨੀ ਦਿੱਤੀ ਗਈ ਹੈ।
ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੇ ਵੜਣ ’ਤੇ ਲੱਗਣ ਲੱਗੀ ਰੋਕ, ਬੈਨਰ ਲਗਾ ਕੇ ਦਿੱਤੀ ਚਿਤਾਵਨੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਲੀਡਰ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਖੇਤੀ ਅਤੇ ਕਿਸਾਨੀ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ’ਤੇ ਵੀ ਕੋਝੀ ਰਾਜਨੀਤੀ ਕੀਤੀ ਜਾ ਰਹੀ ਹੈ।
ਸਿਆਸੀ ਪਾਰਟੀਆਂ ਦੇ ਪਿੰਡਾਂ ’ਚ ਦਾਖ਼ਲ ਹੋਣ ’ਤੇ ਰੋਕ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਬਾਕੀ ਤਿੰਨਾਂ ਪਾਰਟੀਆਂ ਵਾਂਗੂ ਹੀ ਵਿਵਹਾਰ ਕਰ ਰਹੀ ਹੈ ਤੇ ਸਾਨੂੰ 'ਆਪ' ਉੱਤੇ ਵੀ ਵਿਸਵਾਸ਼ ਨਹੀਂ ਹੈ। ਉਨ੍ਹਾਂ ਨੇ ਵੀ ਵਿਧਾਨ ਸਭਾ ਵਿੱਚ ਇਸ ਮੁੱਦੇ ਨੂੰ ਜ਼ਿਆਦਾ ਪ੍ਰਮੁੱਖਤਾ ਨਾਲ ਨਹੀਂ ਚੁੱਕਿਆ ਜਿਸ ਕਰਕੇ ਪਿੰਡ ਦੇ ਲੋਕਾਂ ਨੇ ਸਿਆਸੀ ਲੋਕਾਂ ਦੇ ਬਾਇਕਾਟ ਦਾ ਫ਼ੈਸਲਾ ਕੀਤਾ ਹੈ। ਕੋਈ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਪਿੰਡ ’ਚ ਦਾਖ਼ਲ ਹੋਇਆ ਤਾਂ ਉਹ ਆਪਣਾ ਖ਼ੁਦ ਜ਼ਿੰਮੇਵਾਰ ਹੋਵੇਗਾ।
ਚੀਮਾ ਵਿਖੇ ਸਿਆਸੀ ਲੋਕਾਂ ਦੇ ਬਾਈਕਾਟ ਦਾ ਬੈਨਰ ਲਗਾਉਂਦੇ ਹੋਏ ਭਾਕਿਯੂ ਡਕੌਂਦਾ ਦੇ ਆਗੂ ਅਤੇ ਪਿੰਡ ਵਾਸੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਵੱਲੋਂ ਰੱਖੇ ਵਿਸ਼ੇਸ਼ ਸੈਸ਼ਨ ਵਿੱਚ ਪਾਸ ਕੀਤਾ ਬਿੱਲ ਕਿਸਾਨਾਂ ਦੇ ਹੱਕ ਵਿੱਚ ਨਾ ਹੋਇਆ ਤਾਂ ਅਸੀਂ ਕਾਂਗਰਸ ਖਿਲਾਫ਼ ਤਿੱਖਾ ਸੰਘਰਸ਼ ਵਿੰਢਾਂਗੇ ਤੇ ਜ਼ੋਰਦਾਰ ਵਿਰੋਧ ਕਰਾਂਗੇ।