ਬਲਦੇਵ ਸਿੰਘ ਚੂੰਘਾਂ ਨੇ ਗਿਆਨੀ ਰਘੁਬੀਰ ਸਿੰਘ ਦੀ ਹੈੱਡ ਗ੍ਰੰਥੀ ਵਜੋਂ ਨਿਯੁਕਤੀ ਉਤੇ ਚੁੱਕੇ ਸਵਾਲ, ਕਿਹਾ- "ਅਹੁਦੇ ਦੇ ਯੋਗ ਨਹੀਂ ਜਥੇਦਾਰ" ਬਰਨਾਲਾ :ਭਦੌੜ ਤੋਂ ਐਸਜੀਪੀਸੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘੁਬੀਰ ਸਿੰਘ ਨੂੰ ਨਿਯਮਾਂ ਦੇ ਉਲਟ ਐਸਜੀਪੀਸੀ ਵਲੋਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਲਗਾਏ ਜਾਣ ਦਾ ਇਲਜ਼ਾਮ ਲਗਾਇਆ ਹੈ। ਐਸਜੀਪੀਸੀ ਮੈਂਬਰ ਚੂੰਘਾਂ ਨੇ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਵੱਲੋਂ ਸੁਖਬੀਰ ਬਾਦਲ ਦੇ ਹੁਕਮਾਂ ਤਹਿਤ ਸਿੱਖ ਮਰਿਆਦਾ ਦੇ ਉਲਟ ਇਹ ਫ਼ੈਸਲਾ ਚੁੱਪ ਚਪੀਤੇ ਲੈਣ ਜਾ ਰਹੇ ਹਨ, ਜੋ ਗਲਤ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਰਵਾਇਤਾਂ ਅਤੇ ਮਰਿਆਦਾ ਦੇ ਉਲਟ ਜਾ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਐਸਜੀਪੀਸੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਜੱਥੇਦਾਰ ਰਘੁਬੀਰ ਸਿੰਘ ਨੂੰ ਦਰਬਾਰ ਸਾਹਿਬ ਦਾ ਗ੍ਰੰਥੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੋ ਬਹੁਤ ਹੀ ਗਲਤ ਹੈ। ਦਰਬਾਰ ਸਾਹਿਬ ਦੇ ਪਹਿਲਾਂ ਰਹੇ ਹੈੱਡ ਗ੍ਰੰਥੀ ਜਗਤਾਰ ਸਿੰਘ ਤੋਂ ਬਾਅਦ ਰਘੁਬੀਰ ਸਿੰਘ ਨੂੰ ਚੁੱਪ ਚਪੀਤੇ ਲਗਾਉਣ ਦੀ ਤਿਆਰੀ ਚੱਲ ਰਹੀ ਹੈ, ਜੋ ਨਾਮੰਜ਼ੂਰ ਹੈ।
ਸੁਖਬੀਰ ਬਾਦਲ ਉਤੇ ਵੀ ਲਾਏ ਇਲਜ਼ਾਮ :ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਲਾਉਣ ਸਬੰਧੀ ਪਹਿਲਾਂ ਅਨਾਊਂਸਮੈਂਟ ਕੀਤੀ ਜਾਂਦੀ ਹੈ। ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਐਸਜੀਪੀਸੀ ਵਲੋਂ ਇੱਕ ਸਮਾਗਮ ਰੱਖਿਆ ਜਾਂਦਾ ਹੈ, ਜਿਸ ਵਿੱਚ ਸਿੱਖ ਕੌਮ ਦੀਆਂ ਸਮੁੱਚੀਆਂ ਸੰਸਥਾਵਾਂ ਤੇ ਸੰਪਰਦਾਵਾਂ ਸ਼ਾਮਲ ਹੁੰਦੀਆਂ ਅਤੇ ਹੈੱਡ ਗ੍ਰੰਥੀ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ। ਇਸ ਉਪਰੰਤ ਦਰਬਾਰ ਸਾਹਿਬ ਤੋਂ ਸਿਰਪਾਓ ਦੇ ਕੇ ਉਨ੍ਹਾਂ ਦੀ ਡਿਊਟੀ ਉਤੇ ਬਿਠਾਇਆ ਜਾਂਦਾ ਹੈ। ਜਦਕਿ ਐਸਜੀਪੀਸੀ ਇਹ ਸਾਰੇ ਨਿਯਮ ਪੂਰੇ ਕਰਨ ਦੀ ਥਾਂ ਰਘੁਬੀਰ ਸਿੰਘ ਨੂੰ ਹੈੱਡ ਗ੍ਰੰਥੀ ਲਗਾਉਣ ਦੀ ਤਿਆਰੀ ਵਿੱਚ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਹਿਲਾਂ ਸਿੱਖ ਕੌਮ ਨਾਲ ਗੱਦਾਰੀਆਂ ਕਰ ਕੇ ਆਪਣਾ ਰਾਜਨੀਤਕ ਕੈਰੀਅਰ ਸਫ਼ਰ ਖ਼ਤਮ ਕਰ ਲਿਆ ਅਤੇ ਹੁਣ ਧਾਰਮਿਕ ਤੌਰ ਉਤੇ ਵੀ ਖਾਤਮੇ ਵੱਲ ਵਧ ਰਹੇ ਹਨ। ਕਿਉਂਕਿ ਸੁਖਬੀਰ ਬਾਦਲ ਵਲੋਂ ਐਸਜੀਪੀਸੀ ਤੇ ਧਾਰਮਿਕ ਮਸਲਿਆਂ ਵਿੱਚ ਦਖ਼ਲ ਅੰਦਾਜ਼ੀ ਕਰ ਕੇ ਆਪਣੇ ਹੱਥਠੋਕਿਆਂ ਨੂੰ ਅਹੁਦਿਆਂ ਉਤੇ ਬਿਰਾਜਮਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :Man Died Eating Buckwheat Flour: ਛੋਲਿਆਂ ਦਾ ਆਟਾ ਖਾਣ ਨਾਲ ਇੱਕ ਵਿਅਕਤੀ ਦੀ ਮੌਤ, ਕਈ ਬੀਮਾਰ
ਐੱਸਜੀਪੀਸੀ ਕੋਲ ਹੋਰ ਵੀ ਬਹੁਤ ਯੋਗ ਗ੍ਰੰਥੀ :ਉਨ੍ਹਾਂ ਕਿਹਾ ਕਿ ਰਘੁਬੀਰ ਸਿੰਘ ਹੈੱਡ ਗ੍ਰੰਥੀ ਦੇ ਅਹੁਦੇ ਦੇ ਯੋਗ ਨਹੀਂ ਹਨ, ਜਿਸ ਕਰਕੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਸਿਧਾਂਤ ਤੇ ਮਰਿਆਦਾ ਦਾ ਘਾਣ ਕਰ ਕੇ ਰਘੁਬੀਰ ਸਿੰਘ ਨੂੰ ਹੈੱਡ ਗ੍ਰੰਥੀ ਨਾ ਲਗਾਇਆ ਜਾਵੇ। ਉਨ੍ਹਾਂ ਸਮੂਹ ਸੰਪਰਦਾਵਾਂ ਤੇ ਸਿੱਖ ਸੰਸਥਾਵਾਂ ਨੂੰ ਇਸ ਮਸਲੇ ਵਿੱਚ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਐਸਜੀਪੀਸੀ ਮੈਂਬਰ ਚੂੰਘਾਂ ਨੇ ਕਿਹਾ ਕਿ ਐਸਜੀਪੀਸੀ ਕੋਲ ਬਹੁਤ ਯੋਗ ਗ੍ਰੰਥੀ ਅਜੇ ਵੀ ਮੌਜੂਦ ਹਨ, ਜਿਹਨਾਂ ਨੂੰ ਰਵਾਇਤ ਅਨੁਸਾਰ ਹੈੱਡ ਗ੍ਰੰਥੀ ਲਗਾਇਆ ਜਾਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਸਿੱਖ ਰਵਾਇਤ ਤੇ ਮਰਿਆਦਾ ਦੇ ਉਲਟ ਜਾ ਕੇ ਰਘੁਬੀਰ ਸਿੰਘ ਨੂੰ ਹੈੱਡ ਗ੍ਰੰਥੀ ਲਗਾਇਆ ਗਿਆ ਤਾਂ ਐਸਜੀਪੀਸੀ ਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ।