ਬਰਨਾਲਾ :ਲੁਧਿਆਣਾ ਜ਼ਿਲ੍ਹੇ ਦੇ ਬੱਦੋਵਾਲ ਵਿਖੇ ਸਰਕਾਰੀ ਸਕੂਲ ਵਿੱਚ ਇਮਾਰਤ ਡਿੱਗਣ ਨਾਲ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਸੀ। ਮ੍ਰਿਤਕ ਅਧਿਆਪਕ ਦੇ ਮਾਮਲੇ ਵਿੱਚ ਅਧਿਆਪਕ ਤੇ ਮੁਲਾਜ਼ਮ ਜੱਥੇਬੰਦੀਆਂ ਵਲੋਂ ਮਾਮਲੇ ਦੀ ਨਿਰਪੱਖ ਜਾਂਚ ਦੇ ਨਾਲ ਨਾਲ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਅਤੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਣ ਲੱਗੀ ਹੈ।
ਨਿਰਪੱਖ ਜਾਂਚ ਹੋਵੇ :ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਬਰਨਾਲਾ ਇਕਾਈ ਨੇ ਬੱਦੋਵਾਲ ਦੇ ਸਕੂਲ ਵਿਖੇ ਵਾਪਰੇ ਦਰਦਨਾਕ ਹਾਦਸੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਅਤੇ ਜਨਰਲ ਸਕੱਤਰ ਕੁਸ਼ਲ ਸਿੰਘੀ ਨੇ ਦੱਸਿਆ ਕਿ ਬੱਦੋਵਾਲ ਸਕੂਲ ਵਿਖੇ ਵਾਪਰੇ ਹਾਦਸੇ ਨੂੰ ਜਿਸ ਵਿੱਚ ਨੌਜਵਾਨ ਮਹਿਲਾ ਅਧਿਆਪਕਾ ਦੀ ਦਰਦਨਾਕ ਮੌਤ ਹੋਈ ਹੈ, ਉਸਨੂੰ ਮਹਿਜ ਇੱਕ ਅਚਾਨਕ ਵਾਪਰੀ ਦੁਰਘਟਨਾ ਨਾ ਮੰਨਿਆ ਜਾਵੇ, ਬਲਕਿ ਇਹ ਕਤਲ ਮੰਨ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਮ੍ਰਿਤਕ ਦੇ ਪਰਿਵਾਰ ਨੂੰ ਮਿਲੇ ਮੁਆਵਜ਼ਾ : ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਹਾਦਸੇ ਪਿਛਲੇ ਦੋਸ਼ੀਆਂ ਨੂੰ ਕਿਸੇ ਤਰ੍ਹਾਂ ਵੀ ਬਖਸ਼ਿਆ ਨਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਮਿਸਾਲੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਡਿਊਟੀ ਉੱਤੇ ਹਾਜ਼ਰ ਅਧਿਆਪਕਾ ਦੀ ਹੋਈ ਮੌਤ ਦੇਖਦਿਆਂ ਮ੍ਰਿਤਕ ਅਧਿਆਪਕਾ ਦੇ ਪਰਿਵਾਰ ਨੂੰ ਸ਼ਹੀਦਾਂ ਦੀ ਤਰ੍ਹਾਂ ਇੱਕ ਕਰੋੜ ਰੁਪਏ ਮੁਆਵਜ਼ਾ ਇੱਤਾ ਜਾਵੇ। ਅਧਿਆਪਕ ਆਗੂਆਂ ਨੇ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਕਿ ਸਕੂਲਾਂ ਵਿੱਚ ਚੱਲਦੇ ਸਿਵਲ ਵਰਕਸ ਅਧੀਨ ਉਸਾਰੀ ਕਾਰਜਾਂ ਦੀ ਦੇਖ ਰੇਖ ਸਮਰੱਥ ਇੰਜੀਨੀਅਰਾਂ ਦੀ ਦੇਖਰੇਖ ਵਿੱਚ ਸਕੂਲ ਦੀ ਸ਼ਮੂਲੀਅਤ ਨਾਲ ਕੀਤੀ ਜਾਵੇ ਅਤੇ ਕਿਸੇ ਵੀ ਮੁਰੰਮਤ ਜਾਂ ਨਵੀਂ ਉਸਾਰੀ ਤੋਂ ਪਹਿਲਾਂ ਪੁਰਾਣੀ ਇਮਾਰਤ ਦਾ ਬਕਾਇਦਾ ਨਿਰੀਖਣ ਕੀਤਾ ਜਾਵੇ।
ਸਕੂਲ ਆਫ ਐਮੀਨੈਂਸ ਪ੍ਰੋਗਰਾਮ ‘ਤੇ ਟਿੱਪਣੀ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਚੁਣੇ ਸਕੂਲਾਂ ਦਾ ਪਹਿਲਾਂ ਬੁਨਿਆਦੀ ਢਾਂਚਾ ਸੁਧਾਰਿਆ ਜਾਵੇ ਨਾਂ ਕਿ ਸਿਰਫ਼ ਬੋਰਡ ਬਦਲ ਕੇ ਪੁਰਾਣੀਆਂ ਸਰਕਾਰਾਂ ਦੀ ਪੈੜ ਵਿੱਚ ਪੈੜ ਧਰੀ ਜਾਵੇ। ਉਹਨਾਂ ਕਿਹਾ ਕਿ ਸਰਕਾਰ ਸਾਡੀਆਂ ਇਹਨਾਂ ਮੰਗਾਂ ਵੱਲ ਗੌਰ ਜ਼ਰੂਰ ਕਰੇ। ਜੇਕਰ ਅੱਜ ਇਸ ਮਸਲੇ 'ਤੇ ਸਰਕਾਰ ਗੰਭੀਰਤਾ ਨਾਲ ਫੈਸਲਾ ਤੇ ਕਾਰਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਵਾਪਰ ਸਕਦੀਆਂ ਹਨ।