ਬਰਨਾਲਾ:ਅਕਸਰ ਕਿਹਾ ਜਾਂਦਾ ਹੈ ਕਿ ਸੁਪਨੇ ਵੱਡੇ ਵੇਖੋ, ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਸਖ਼ਤ ਤੋਂ ਵੀ ਸਖ਼ਤ ਮਿਹਨਤ ਕਰੋ, ਤਾਂ ਹੀ ਤੁਹਾਡੇ ਸੁਪਨੇ ਪੂਰੇ ਹੋਣਗੇ। 7 ਸਾਲਾਂ ਦੀ ਜੀ-ਤੋੜ ਮਿਹਨ ਸਦਕਾ ਅਕਾਸ਼ਦੀਪ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਹੈ। ਪਿੰਡ ਕਾਹਨੇਕੇ ਦੇ ਐਥਲੀਟ ਖਿਡਾਰੀ ਅਕਾਸ਼ਦੀਪ ਸਿੰਘ ਨੇ ਜਿਸਨੇ ਪੈਰਿਸ ਓਲੰਪਿਕ ਖੇਡਾਂ 2024 ਲਈ ਕੁਆਲੀਫਾਈ ਕਰਕੇ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਆਪਣੇ ਪਿੰਡ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਥੇ ਹੀ ਹੁਣ ਇਹ ਨੌਜਵਾਨ ਖਿਡਾਰੀ ਨੌਜਵਾਨਾਂ ਨੂੰ ਪ੍ਰੇਰਨਾ ਦੇ ਰਿਹਾ ਹੈ।
ਕੋਈ ਵੀ ਪ੍ਰਾਪਤੀ ਇੱਕ ਦਿਨ ਵਿੱਚ ਨਹੀਂ ਹੋ ਸਕਦੀ: ਦਰਅਸਲ ਬੀਤੇ ਦਿਨ ਅਥਲੀਟ ਅਕਸ਼ਦੀਪ ਸਿੰਘ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਵੱਲੋਂ ਪ੍ਰੇਰਣਾਤਮਕ ਭਾਸ਼ਣ ਲਈ ਜੂਮ ਮੀਟਿੰਗ ਰਾਹੀਂ ਵਿਦਿਆਰਥੀਆਂ ਦੇ ਰੂਬਰੂ ਕੀਤਾ ਗਿਆ। ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਅਥਲੀਟ ਅਕਸ਼ਦੀਪ ਸਿੰਘ ਨੇ ਕਿਹਾ ਕੇ ਭਾਰਤੀ ਸੈਨਾ ਵਿਚ ਭਰਤੀ ਹੋਣ ਦਾ ਸੁਪਨਾ ਮਨ ਵਿੱਚ ਪਾਲਦਿਆਂ ਉਹ ਪਿੰਡ ਕਾਹਨੇਕੇ ਦੀਆਂ ਗਲੀਆਂ, ਪਹੀਆਂ ਅਤੇ ਪੱਟੜੀਆਂ ਤੇ ਦੌੜਿਆ। ਇੱਕ ਗਰੀਬ ਤੇ ਸਾਧਾਰਨ ਕਿਸਾਨ ਪ੍ਰੀਵਾਰ ਤੋਂ ਹੋਣ ਕਰਕੇ ਆਰਥਿਕ ਤੌਰ ਤੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਿਰਫ਼ ਡੇਢ ਏਕੜ ਜ਼ਮੀਨ ਹੋਣ ਕਾਰਣ ਉਨ੍ਹਾਂ ਦੇ ਪਿਤਾ ਗੁਰਜੰਟ ਸਿੰਘ ਟਰਾਈਡੈਂਟ ਫੈਕਟਰੀ ਵਿੱਚ ਨੌਕਰੀ ਕਰਦੇ ਹਨ ਤੇ ਮਾਤਾ ਰੁਪਿੰਦਰ ਕੌਰ ਸਕੂਲ ਵਿੱਚ ਆਂਗਨਵਾੜੀ ਵਰਕਰ ਹਨ। ਜਿਨ੍ਹਾਂ ਨੇ ਤੰਗੀਆਂ-ਤੁਰਛੀਆਂ ਝੱਲਦੇ ਆਪਣੇ ਖਰਚੇ ਵਿਚੋਂ ਬੱਚਤ ਕਰਦਿਆਂ ਅਤੇ ਕਰਜ਼ਾ ਲੈ ਕੇ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਸਖ਼ਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕੇ ਉਨ੍ਹਾਂ ਦਾ ਹੁਣ ਇੱਕੋ ਇੱਕ ਮਕਸਦ ਆਉਣ ਵਾਲੀਆਂ ਉਲੰਪਿਕ ਖੇਡਾਂ ਵਿਚ ਭਾਰਤ ਦੀ ਝੋਲੀ ਵਿੱਚ ਸੋਨੇ ਦਾ ਤਮਗਾ ਪਾਉਣਾ ਹੈ। ਉਨ੍ਹਾਂ ਕਿਹਾ ਕਿ ਪੈਰਿਸ ਓਲੰਪਿਕ 2024 ਲਈ ਦੇਸ਼ ਲਈ ਅਥਲੈਟਿਕ ਵਿੱਚੋਂ ਕੁਆਲੀਫਾਈ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਕੋਈ ਵੀ ਪ੍ਰਾਪਤੀ ਇੱਕ ਦਿਨ ਵਿੱਚ ਨਹੀਂ ਹੋ ਸਕਦੀ।
ਨੈਵਰ ਗਿਵ ਅੱਪ ਦਾ ਸੰਦੇਸ਼: ਇਸ ਲਈ ਸਖ਼ਤ ਮਿਹਨਤ, ਸਵੈ ਵਿਸ਼ਵਾਸ, ਆਪਣੇ ਗੁਰੂ, ਅਧਿਆਪਕ ਅਤੇ ਕੋਚ ਦੇ ਸਤਿਕਾਰ ਅਤੇ ਸਮਰਪਣ ਭਾਵ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁੱਲ ਕਲਾਮ ਅਤੇ ਪੀ ਟੀ ਊਸ਼ਾ, ਬਲਬੀਰ ਸਿੰਘ, ਮਨਜੀਤ ਕੌਰ ਉਨ੍ਹਾਂ ਦੇ ਪ੍ਰੇਰਣਾ ਸਰੋਤ ਬਣੇ। ਉਹਨਾਂ ਕਿਹਾ ਕਿ ਆਪਣੇ ਸਫ਼ਰ ਦੀ ਸ਼ਰੂਆਤ ਬਰਨਾਲਾ ਤੋਂ ਕੋਚ ਜਸਪ੍ਰੀਤ ਸਿੰਘ ਫਿਰ ਯੂਨੀਵਰਸਿਟੀ ਕੋਚ ਗੁਰਦੇਵ ਸਿੰਘ ਦੀ ਰਹਿਨੁਮਾਈ ਹੇਠ ਅਤੇ ਹੁਣ ਰਾਸ਼ਟਰੀ ਟੀਮ ਵਿੱਚ ਕੋਚ ਗੁਰਮੀਤ ਸਿੰਘ ਅਤੇ ਤਾਤੀਆਸਿਵੀਲਿਵਾ ਉਹਨਾਂ ਦਾ ਮਾਰਗ ਦਰਸ਼ਨ ਕਰ ਰਹੇ ਹਨ। ਉਨ੍ਹਾਂ ਬੱਚਿਆਂ ਨੂੰ ਨੈਵਰ, ਨੈਵਰ, ਨੈਵਰ ਗਿਵ ਅੱਪ ਦਾ ਸੰਦੇਸ਼ ਦਿੰਦਿਆਂ ਹੋਇਆ ਆਪਣੀ ਜ਼ਿੰਦਗੀ ਦੇ ਟੀਚੇ ਨੂੰ ਨਿਰਧਾਰਤ ਕਰਨ ਅਤੇ ਉਸਦੀ ਪ੍ਰਾਪਤੀ ਲਈ ਇਮਾਨਦਾਰੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਤੁਹਾਡੀ ਤਰੱਕੀ ਇਸ ਗੱਲ ਤੇ ਖੜ੍ਹੀ ਹੈ ਕਿ ਤੁਸੀਂ ਆਪਣੀ ਰੋਜ਼ਾਨਾ ਰੂਟੀਨ ਤੋਂ ਇਲਾਵਾ ਅੱਗੇ ਵਧਣ ਲਈ ਹੋਰ ਅਲੱਗ ਤੋਂ ਕੀ ਕਰ ਰਹੇ ਹੋ।