ਬਰਨਾਲਾ: 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਸੱਦੇ ’ਤੇ ਭਰਤੀ ਲਈ ਚੁਣੇ ਹੋਏ ਉਮੀਦਵਾਰਾਂ ਵਲੋਂ ਸਿੱਖਿਆ ਮੰਤਰੀ ਪੰਜਾਬ ਮੀਤ ਹੇਅਰ ਦੇ ਹਲਕੇ ਬਰਨਾਲਾ ਦੇ ਬੱਸ ਸਟੈਂਡ 'ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਮਾਣਯੋਗ ਹਾਈਕੋਰਟ ਵਿਚ ਲਟਕ ਰਹੀ ਭਰਤੀ ਸਬੰਧੀ ਬਣਾਏ ਚਾਰਟ, ਪੋਸਟਰ ਹੱਥਾਂ ਵਿੱਚ ਫੜ੍ਹ ਕੇ ਆਮ ਜਨਤਾ ਤੱਕ ਆਪਣੀ ਵਿਥਿਆ ਪਹੁੰਚਾਈ।
ਫਰੰਟ ਦੇ ਆਗੂ ਜਸਪ੍ਰੀਤ ਸਿਵੀਆ ਨੇ ਕਿਹਾ ਕਿ ਜਿੰਨ੍ਹਾਂ ਕਾਲਜਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਪੰਜਾਬ ਦੇ ਆਮ ਲੋਕ ਦੇਖਦੇ ਹਨ, ਉਸ ਸੁਪਨੇ ਦੇ ਪੂਰਾ ਹੋਣ ਦੀ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਪਿਛਲੇ ਢਾਈ ਦਹਾਕਿਆਂ ਤੋਂ ਪ੍ਰੋਫ਼ੈਸਰਾਂ ਦੀ ਰੈਗੂਲਰ ਭਰਤੀ ਨਹੀਂ ਹੋਈ। ਸਰਕਾਰੀ ਕਾਲਜ ਅੰਤਿਮ ਸਾਹ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੇ ਲੰਮੇ ਵਕਫ਼ੇ ਬਾਅਦ ਜੇ 1,158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਆਈ ਵੀ ਤਾਂ ਉਹ ਅਦਾਲਤੀ ਚੱਕਰਾਂ ਵਿੱਚ ਲਟਕ ਕੇ ਰਹਿ ਗਈ ਹੈ।
ਦੂਜੇ ਪਾਸੇ ਪੰਜਾਬ ਦੇ ਨੌਜਵਾਨਾਂ ਦੇ ਚੰਗੇ ਰੁਜ਼ਗਾਰ ਦੇ ਸੁਪਨਿਆਂ ਦੀ ਅਸਲੀਅਤ ਇਹ ਹੈ ਕਿ ਸਿਖ਼ਰਲੀ ਡਿਗਰੀ ਪੀਐੱਚਡੀ ਕਰੀ ਬੈਠੇ ਯੋਗ ਨੌਜਵਾਨ ਸਭ ਦੇ ਸਾਹਮਣੇ ਸੜਕਾਂ ’ਤੇ ਆ ਚੁੱਕੇ ਹਨ। ਮਹਿਜ਼ ਪ੍ਰੋਫ਼ੈਸਰਾਂ, ਲਾਇਬ੍ਰੇਰੀਅਨਾਂ ਦੀ ਭਰਤੀ ਹੀ ਨਹੀਂ, ਈਟੀਟੀ, ਬੀ.ਐੱਡ, ਅਧਿਆਪਕਾਂ, ਕਾਂਸਟੇਬਲ, ਪਟਵਾਰੀਆਂ ਦੀ ਭਰਤੀ ਸਣੇ ਅਨੇਕ ਭਰਤੀਆਂ ਜਾਰੀ ਤਾਂ ਹੋਈਆਂ ਪਰ ਸਿਰੇ ਨਹੀਂ ਚੜ੍ਹ ਸਕੀਆਂ। ਇੰਨਾਂ ਭਰਤੀਆਂ ਦੇ ਅੱਧ ਵਿਚਾਲੇ ਲਟਕ ਜਾਣ ਦਾ ਕਾਰਨ ਇਹ ਹੈ ਕਿ ਅਸਲ ਮੁੱਦੇ ਜਿਵੇਂ ਸਿੱਖਿਆ ਤੇ ਰੁਜ਼ਗਾਰ ਨਾ ਤਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਏਜੰਡੇ ’ਤੇ ਰਹੇ ਹਨ ਅਤੇ ਨਾ ਹੀ ਪੰਜਾਬ ਦੀ ਲੋਕਾਈ ਦੇ ਸੁਆਲ ਇਸ ਦਿਸ਼ਾ ਵੱਲ ਸੇਧਿਤ ਰਹੇ ਹਨ।