ਬਰਨਾਲਾ: ਪੰਜਾਬ ਵਿੱਚ ਵਿਧਾਨ ਸਭਾ 2022 ਚੋਣਾਂ ਦਾ ਸਿਆਸੀ ਅਖਾੜਾ ਕੜਕਦੀ ਠੰਢ ਵਿੱਚ ਵੀ ਗਰਮਾਇਆ ਹੋਇਆ ਹੈ। ਚੋਣਾਂ ਸੰਬੰਧੀ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵੱਖੋ ਵੱਖ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮੁੱਦਿਆਂ ਦੀ ਥਾਂ ਸਿਆਸੀ ਲੀਡਰ ਨਿੱਜੀ ਦੂਸ਼ਣਬਾਜ਼ੀ ਅਤੇ ਮੁਫ਼ਤ ਦੇ ਲਾਲੀਪੋਪਾਂ ਸਹਾਰੇ ਚੋਣ ਮੈਦਾਨ ਵਿਚ ਨਿੱਤਰ ਰਹੇ ਹਨ।
ਜਦਕਿ ਅਸਲ ਮੁੱਦੇ ਚੋਣਾਂ ਵਿੱਚੋਂ ਗਾਇਬ ਹਨ। ਇਨ੍ਹਾਂ ਵਿੱਚੋਂ ਇੱਕ ਅਹਿਮ ਮੁੱਦਾ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਹੈ, ਉਹ ਧਰਤੀ ਹੇਠਲੇ ਪਾਣੀ ਦਾ ਮੁੱਦਾ। ਜੋ ਪੰਜਾਬ ਦੇ ਵਜੂਦ ਨਾਲ ਵਾਹ ਵਾਸਤਾ ਰੱਖਦਾ ਹੈ। ਪੰਜਾਬ ਦਾ ਨਾਂ ਵੀ ਪਾਣੀਆਂ ਦੇ ਨਾਮ 'ਤੇ ਹੀ ਰੱਖਿਆ ਗਿਆ ਹੈ। ਪੰਜ+ਆਬ ਭਾਵ ਪੰਜ ਦਰਿਆ। ਪਰ ਅੱਜ ਪਾਣੀਆਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਪਾਣੀ ਦੀ ਬੂੰਦ ਬੂੰਦ ਨੂੰ ਤਰਸਣ ਕਿਨਾਰੇ ਹੈ।
ਮੌਜੂਦਾ ਹਾਲਾਤਾਂ ਅਨੁਸਾਰ ਪੰਜਾਬ ਵਿੱਚ 100 ਤੋਂ ਵਧੇਰੇ ਬਲਾਕ ਪਾਣੀ ਦੇ ਪੱਖ ਤੋਂ ਡਾਰਕ ਜ਼ੋਨ ਵਿੱਚ ਹਨ। ਭਾਵ ਪਾਣੀ ਨੂੰ ਲੈ ਕੇ ਪੌਣੇ ਪੰਜਾਬ ਵਿੱਚ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ ਦਿਨ ਥੱਲੇ ਜਾ ਰਿਹਾ ਹੈ। ਹਰ ਵਰ੍ਹੇ ਕਿਸਾਨਾਂ ਨੂੰ ਖੇਤੀ ਲਈ ਵਰਤੇ ਜਾਂਦੇ, ਟਿਊਬਵੈੱਲਾਂ ਦੀਆਂ ਪਾਈਪਾਂ ਵਧਾਉਣੀਆਂ ਪੈ ਰਹੀਆਂ ਹਨ। ਕਿਸਾਨ ਪਾਣੀ ਲਈ ਮਜ਼ਬੂਰ ਕਰ ਰਹੀ ਹੈ। ਪਾਣੀ ਦੇ ਇਸ ਗੰਭੀਰ ਮਸਲੇ 'ਤੇ ਸਾਰੀਆਂ ਸਿਆਸੀ ਧਿਰਾਂ ਚੁੱਪ ਹਨ। ਇਸ ਮੁੱਦੇ ਨੂੰ ਉਸ ਢੰਗ ਨਾਲ ਨਹੀਂ ਵਿਖਾਇਆ ਜਾ ਰਿਹਾ, ਜਿਸ ਤਰੀਕੇ ਉਠਾਇਆ ਜਾਣਾ ਚਾਹੀਦਾ ਹੈ।
ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਜਾ ਰਿਹਾ ਹੈ
ਪੰਜਾਬ ਵਿੱਚ ਪਾਣੀ ਦੇ ਦਿਨੋਂ ਦਿਨ ਨੀਵੇਂ ਜਾਣ ਲਈ ਮਾਹਰ ਝੋਨੇ ਦੀ ਖੇਤੀ ਨੂੰ ਜ਼ਿੰਮੇਵਾਰ ਕਹਿੰਦੇ ਹਨ। ਹਰੀ ਕ੍ਰਾਂਤੀ ਦੇ ਦੌਰ ਦੌਰਾਨ ਪੰਜਾਬ ਵਿੱਚ ਝੋਨੇ ਦੀ ਖੇਤੀ ਲਿਆਂਦੀ ਗਈ, ਤਾਂ ਕਿ ਦੇਸ਼ ਵਿੱਚੋਂ ਭੁੱਖਮਰੀ ਤੇ ਅਨਾਜ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਪ੍ਰੰਤੂ ਇਸ ਖੇਤੀ ਨੇ ਪੰਜਾਬ ਦਾ ਪਾਣੀ ਚੂਸ ਲਿਆ। ਮੌਜੂਦਾ ਸਮੇਂ ਵੀ ਪੰਜਾਬ ਵਿਚ ਝੋਨੇ ਦੀ ਖੇਤੀ ਕਿਸਾਨਾਂ ਲਈ ਸਭ ਤੋਂ ਵੱਧ ਉਗਾਈ ਜਾਣ ਵਾਲੀ ਫ਼ਸਲ ਹੈ।
ਅੰਦਾਜ਼ੇ ਅਨੁਸਾਰ ਇੱਕ ਕਿੱਲੋ ਚੌਲ ਪੈਦਾ ਕਰਨ ਲਈ ਪੰਜ ਹਜ਼ਾਰ ਲੀਟਰ ਦੇ ਕਰੀਬ ਪਾਣੀ ਦੀ ਖਪਤ ਹੁੰਦੀ ਹੈ। ਜਿਸ ਕਰਕੇ ਹਰ ਵਰ੍ਹੇ ਝੋਨੇ ਦੀ ਖੇਤੀ 'ਤੇ ਹੀ ਸਭ ਤੋਂ ਵੱਧ ਪਾਣੀ ਧਰਤੀ ਥੱਲਿਓਂ ਕੱਢ ਕੇ ਵਰਤਿਆ ਜਾ ਰਿਹਾ ਹੈ। ਕੇਂਦਰ ਤੇ ਪੰਜਾਬ ਸਰਕਾਰ ਨੇ ਪਾਣੀ ਨੂੰ ਬਚਾਉਣ ਅਤੇ ਝੋਨੇ ਦੀ ਖੇਤੀ ਲਈ ਬਦਲ ਦੇ ਰੂਪ ਵਿੱਚ ਕੋਈ ਯਤਨ ਕੀਤਾ ਦਿਖਾਈ ਨਹੀਂ ਦਿੱਤਾ।
ਬੋਰ ਡੂੰਘੇ ਹੋਣ ਕਾਰਨ ਪਾਉਣੇ ਪੈਂਦੇ ਹਨ ਪਾਈਪ
ਕਿਸਾਨਾਂ ਨੇ ਦੱਸਿਆ ਕਿ ਕਿਸੇ ਸਮੇਂ ਪਾਣੀ 10 ਤੋਂ 15 ਫੁੱਟ 'ਤੇ ਮਿਲ ਜਾਂਦਾ ਸੀ ਅਤੇ ਬਲਦ ਜੋੜ ਕੇ ਹਲਟੀ ਨਾਲ ਪਾਣੀ ਧਰਤੀ ਤੋਂ ਕੱਢ ਕੇ ਖੇਤੀ ਲਈ ਵਰਤਿਆ ਜਾਂਦਾ ਸੀ। ਹੌਲੀ ਹੌਲੀ ਪਾਣੀ ਦਾ ਪੱਧਰ ਥੱਲੇ ਜਾਣ ਲੱਗਿਆ ਤੇ ਡੂੰਘੇ ਟੋਏ ਕਰਕੇ ਇੰਜਣ ਪਟੇ ਵਾਲਾ ਸਿਸਟਮ ਚਾਲੂ ਕਰਕੇ ਪਾਣੀ ਨਿਕਲਣ ਲੱਗਿਆ। ਇਹ ਹਾਲਾਤ ਮੱਛੀ ਮੋਟਰ ਸਬਮਰਸੀਬਲ ਮੋਟਰਾਂ ਤੱਕ ਪਹੁੰਚ ਗਏ।
ਹੁਣ ਹਰ ਸਾਲ ਪਾਣੀ ਦਾ ਪੱਧਰ 10 ਤੋਂ 20 ਫੁੱਟ ਥੱਲੇ ਜਾ ਰਿਹਾ ਹੈ। ਝੋਨੇ ਦੀ ਫਸਲ ਲਾਉਣ ਜਾਂ ਵੱਢਣ ਵੇਲੇ ਕਿਸਾਨਾਂ ਨੂੰ ਬੋਰ ਦੇ ਪਾਈਪਾਂ ਵਿਚ ਵਾਧਾ ਕਰਨਾ ਪੈਂਦਾ ਹੈ। ਇਸ ਨਾਲ ਜਿਥੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਉਥੇ ਕਿਸਾਨਾਂ ਨੂੰ ਹਰ ਸਾਲ 15 ਤੋਂ 20 ਹਜ਼ਾਰ ਖ਼ਰਚਾ ਵੀ ਝੱਲਣਾ ਪੈਂਦਾ ਹੈ। ਤੀਜੇ ਜਾਂ ਚੌਥੇ ਸਾਲ ਜਾ ਕੇ ਨਵੇਂ ਬੋਰ ਕਰਨੇ ਪੈ ਰਹੇ ਹਨ। ਪੰਜਾਬ ਦੇ ਮਾਲਵਾ ਖੇਤਰ ਵਿੱਚ ਪੰਜ 100 ਫੁੱਟ ਡੂੰਘੇ ਬੋਰ ਵੀ ਕੀਤੇ ਜਾਣ ਲੱਗੇ ਹਨ।