ਬਰਨਾਲਾ: ਸ਼ਹਿਰ ਦੀ ਮੁੱਖ ਸੜਕ ਨਾ ਬਣਾਏ ਜਾਣ ਦੇ ਰੋਸ ਵਿੱਚ ਹਲਕਾ ਵਿਧਾਇਕ ਮੀਤ ਹੇਅਰ ਖੁਦ ਧਰਨੇ 'ਤੇ ਬੈਠ ਗਏ ਹਨ। ਆਪ ਪਾਰਟੀ ਦੇ ਵਿਧਾਇਕ ਵੱਲੋਂ ਇਹ ਧਰਨਾ ਬੱਸ ਸਟੈਂਡ ਦੇ ਬਿਲਕੁਲ ਅੱਗੇ ਲਗਾਇਆ ਗਿਆ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਰਕਰ ਅਤੇ ਸ਼ਹਿਰ ਨਿਵਾਸੀ ਪਹੁੰਚੇ।
ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਪਾਈ ਜਾ ਰਹੇ ਸੀਵਰੇਜ ਕਾਰਨ ਸ਼ਹਿਰ ਦੀ ਮੁੱਖ ਰਸਤੇ ਬੰਦ ਪਏ ਹਨ। ਬੱਸ ਸਟੈਂਡ ਤੋਂ ਲੈ ਕੇ ਤਰਕਸ਼ੀਲ ਚੌਕ ਤੱਕ ਸੜਕ ਪੁੱਟੀ ਗਈ ਸੀ। ਕੁਝ ਸਮਾਂ ਇਹ ਰਾਹ ਬਿਲਕੁਲ ਬੰਦ ਵੀ ਰਿਹਾ ਹੁਣ ਸੀਵਰੇਜ ਪਾਏ ਨੂੰ ਇਕ ਸਾਲ ਦਾ ਸਮਾਂ ਹੋਣ ਵਾਲਾ ਹੈ, ਪਰ ਇਸ ਦੇ ਬਾਵਜੂਦ ਸੜਕ ਨੂੰ ਬਣਾਇਆ ਨਹੀਂ ਜਾ ਰਿਹਾ। ਇਹ ਸੜਕ ਬੱਸ ਸਟੈਂਡ ਨੂੰ ਬੱਸਾਂ ਦੇ ਆਉਣ-ਜਾਣ ਦਾ ਮੁੱਖ ਰਸਤਾ ਹੈ।
ਪਿੰਡਾਂ ਦੇ ਲੋਕ ਇਸ ਰਸਤੇ ਰਾਹੀਂ ਸ਼ਹਿਰ ਵਿਚ ਦਾਖ਼ਲ ਹੁੰਦੇ ਹਨ। ਇਸ ਰੋਡ ਦੇ ਸਾਰੇ ਹੀ ਦੁਕਾਨਦਾਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਇੱਥੇ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਸਾਰਾ ਦਿਨ ਰੋਡ 'ਤੇ ਮਿੱਟੀ ਧੂੜ ਉੱਡਦੀ ਰਹਿਣ ਕਰਕੇ ਲੋਕ ਦੁਖੀ ਹਨ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਰਸਤੇ ਨੂੰ ਬਣਾਉਣ ਲਈ ਬਰਨਾਲਾ ਦੇ ਡੀਸੀ ਸਮੇਤ ਹਰ ਸਬੰਧਤ ਅਧਿਕਾਰੀ ਤੋਂ ਲੈ ਕੇ ਮੰਤਰੀਆਂ ਨੂੰ ਵੀ ਮਿਲ ਚੁੱਕੇ ਹਾਂ। ਵਿਧਾਨ ਸਭਾ ਵਿੱਚ ਵੀ ਇਸ ਮਸਲੇ ਨੂੰ ਉਠਾਇਆ ਗਿਆ ਸੀ, ਪਰ ਸਵਾਏ ਲਾਰੇ ਤੋਂ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਸੜਕ ਸਬੰਧੀ ਧਰਨੇ ਦੀ ਚਿਤਾਵਨੀ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ ਜਿਸ ਕਰਕੇ ਅੱਜ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।
ਧਰਨਾ ਲਗਾਉਣ ਦੇ ਕਰੀਬ ਡੇਢ ਘੰਟੇ ਬਾਅਦ ਐਸਡੀਐਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ਪੁੱਜੇ। ਜਿੰਨ੍ਹਾਂ ਨੇ ਵਿਧਾਇਕ ਮੀਤ ਹੇਅਰ ਅਤੇ ਧਰਨਾਕਾਰੀਆਂ ਨੂੰ ਜਲਦ ਟੈਂਡਰ ਕਰਵਾ ਕੇ ਸੜਕ ਬਣਾਉਣ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ।