ਬਰਨਾਲਾ : ਪੰਜਾਬ ਵਿੱਚ ਕਰਜ਼ੇ ਕਾਰਨ ਕਿਸਾਨ ਦੀਆਂ ਖ਼ੁਦਕੁਸ਼ੀਆਂ ਦਾ ਦੌਰ ਜਾਰੀ ਹੈ। ਕਰਜ਼ੇ ਕਾਰਨ ਬਰਨਾਲਾ ਦੇ ਪਿੰਡ ਦੁੱਲਮਸਰ ਕੋਠੇ ਦੇ ਰਹਿਣ ਵਾਲੇ 32 ਸਾਲਾ ਨੌਜਵਾਨ ਨੇ ਆਪਣੇ ਖੇਤ ਵਿੱਚ ਹੀ ਖ਼ੁਦਕੁਸ਼ੀ ਕਰ ਲਈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਦੇ ਸਿਰ 16 ਲੱਖ ਰੁਪਏ ਦਾ ਕਰਜ਼ਾ ਸੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਵੀ ਕੁੱਝ ਸਾਲ ਪਹਿਲਾਂ ਹੀ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਪਰ ਉਦੋਂ ਇਹ ਕਰਜ਼ਾ 7 ਤੋਂ 8 ਲੱਖ ਰੁਪਏ ਸੀ।
ਉਸ ਨੇ ਦੱਸਿਆ ਕਿ ਸੰਦੀਪ ਸਿੰਘ ਦੋ ਬੱਚਿਆਂ ਦਾ ਪਿਤਾ ਸੀ। ਉਸਦੀ ਇੱਕ ਬਜ਼ੁਰਗ ਮਾਂ ਅਤੇ ਇੱਕ ਭਰਾ ਵੀ ਹੈ, ਜੋ ਵੱਖਰੇ ਪਰਿਵਾਰ ਵਿੱਚ ਰਹਿੰਦਾ ਹੈ। ਪੂਰਾ ਪਿੰਡ ਹੀ ਇਸ ਖ਼ੁਦਕੁਸ਼ੀ ਕਾਰਨ ਸਦਮੇ ਵਿੱਚ ਹੈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ।
ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਸੰਦੀਪ ਸਿੰਘ ਦੀ ਖ਼ੁਦਕੁਸ਼ੀ ਦੀ ਮੌਤ ਦੀ ਖ਼ਬਰ ਸੁਣ ਕੇ ਸਾਰਾ ਹੀ ਪਿੰਡ ਸਦਮੇ ਵਿੱਚ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਪਰਿਵਾਰ ਦਾ ਕਰਜ਼ਾ ਮਾਫ਼ ਕਰਕੇ ਮਾਲੀ ਮੱਦਦ ਕੀਤੀ ਜਾਵੇ।
ਇਸ ਮਾਮਲੇ ਨੂੰ ਲੈ ਕੇ ਐੱਸਐੱਚਓ ਇਕਬਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਬਿਆਨ ਦਰਜ਼ ਕਰ ਲਏ ਹਨ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ।