ਬਰਨਾਲਾ:ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਹੇਠ ਬਰਨਾਲਾ ਜ਼ਿਲ੍ਹੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਨੇੜੇ ਇਕੱਠੇ ਹੋ ਕੇ ਤੀਸਤਾ ਸੀਲਤਵਾੜ ਦੀ ਰਿਹਾਈ ਅਤੇ ਹਿਮਾਂਸ਼ੂ ਨੂੰ ਕੀਤੇ ਜ਼ੁਰਮਾਨੇ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਸ਼ਹਿਰ ਵਿੱਚ ਕੀਤੇ ਜੋਸ਼ ਭਰਪੂਰ ਪ੍ਰਦਰਸ਼ਨ ਦੌਰਾਨ ਨਾਹਰਿਆਂ ਰਾਹੀਂ ਇਨਸਾਫ ਮੰਗਣ ਵਾਲਿਆਂ ਨੂੰ ਸਜ਼ਾਵਾਂ ਦੇਣ ਦੇ ਨਵੇਂ ਖਤਰਨਾਕ ਰੁਝਾਨ ਨੂੰ ਬੰਦ ਕਰਨ ਦੀ ਮੰਗ ਕੀਤੀ।
ਮੰਗ ਪੱਤਰ ਦੇਣ ਤੋਂ ਪਹਿਲਾਂ ਜ਼ਿਲ੍ਹਾ ਭਵਨ ਵਿਖੇ ਮੁਜ਼ਾਹਰਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਕਿਹਾ ਤੀਸਤਾ ਤੇ ਹਿਮਾਂਸ਼ੂ ਕੁਮਾਰ ਦਾ ਸਿਰਫ ਇਹੀ ਅਪਰਾਧ ਸੀ ਕਿ ਉਨ੍ਹਾਂ ਨੇ ਮਜਲੂਮਾਂ ਤੇ ਦੰਗਾ ਪੀੜਤਾਂ ਨੂੰ ਇਨਸਾਨ ਦੁਆਉਣਾ ਚਾਹਿਆ। ਹਿਮਾਂਸ਼ੂ ਕੁਮਾਰ ਸੈਂਕੜੇ ਆਦਿਵਾਸੀਆਂ ਨੂੰ ਅਦਾਲਤੀ ਸਹਾਇਤਾ ਪ੍ਰਦਾਨ ਕਰਵਾ ਚੁੱਕਿਆ ਹੈ। ਤੀਸਤਾ ਸੀਲਤਵਾੜ ਲਗਾਤਾਰ ਗੁਜਰਾਤ ਦੇ ਦੰਗਾ ਪੀੜਤਾਂ ਨੂੰ ਇਨਸਾਨ ਦੁਆਉਣ ਦਾ ਜ਼ਰੀਆ ਬਣਦੀ ਰਹੀ ਹੈ।
ਇਕੱਠ ਨੂੰ ਸਭਾ ਦੇ ਸਕੱਤਰ ਸੋਹਣ ਸਿੰਘ ਮਾਝੀ, ਇਨਕਲਾਬੀ ਕੇਂਦਰ ਦੇ ਆਗੂ ਨਰੈਣ ਦੱਤ, ਬੀਕੇਯੂ ਉਗਰਾਹਾਂ ਦੇ ਭਗਤ ਸਿੰਘ, ਬੀਕੇਯੂ ਡਕੌਂਦਾ ਦੇ ਦਰਸ਼ਨ ਸਿੰਘ ਉਗੋਕੇ, ਬੀਕੇਯੂ ਕ੍ਰਾਂਤੀਕਾਰੀ ਦੇ ਲਖਮੀਰ ਸਿੰਘ ਦੁਲਮਸਰ ,ਡੀਐਮਐਫ ਆਗੂ ਜੁਗਰਾਜ ਟੱਲੇਵਾਲਤੇ ਮਜਦੂਰ ਆਗੂ ਗੁਰਪ੍ਰੀਤ ਰੂੜੇਕੇ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਹਾਲਾਂਕਿ ਅਦਾਲਤਾਂ ਪਹਿਲਾਂ ਵੀ ਆਮ ਲੋਕਾਂ ਨੂੰ ਇਨਸਾਫ ਦਿਵਾਉਣ ਵਿੱਚ ਅਸਫਲ ਰਹੀਆਂ ਹਨ ਪਰ ਇਹ ਇਨਸਾਨ ਮੰਗਣ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਇਹ ਪਿਰਤ ਨਿਵੇਕਲੀ ਹੀ ਨਹੀਂ, ਬਹੁਤ ਖਤਰਨਾਕ ਵੀ ਹੈ।