ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 16 ਜੂਨ ਨੂੰ ਸੂਬੇ ਭਰ ਦੀਆਂ ਅਨਾਜ ਮੰਡੀਆਂ 'ਚ ਮੂੰਗੀ ਅਤੇ ਮੱਕੀ ਦੀ ਫ਼ਸਲ ਦੀ ਬੇਕਦਰੀ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੈਲੀਆਂ ਕਰਨ ਉਪਰੰਤ ਸਥਾਨਕ ਡੀ.ਸੀ/ਐਸ.ਡੀ.ਐੱਸ ਅਤੇ ਤਹਿਸੀਲਦਾਰਾਂ ਨੂੰ ਮੰਗ ਪੱਤਰ ਸੌਂਪੇ ਗਏ। ਇਸ ਕੜੀ ਵਜੋਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਕੰਪਲੈਕਸ ਬਰਨਾਲਾ ਵਿੱਚ ਵਿਸ਼ਾਲ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਤਹਿਸੀਲਦਾਰ ਬਰਨਾਲਾ ਨੂੰ ਸੌਂਪਿਆ ਗਿਆ।
ਇਸ ਮੌਕੇ ਕਿਸਾਨ ਆਗੂ ਸੰਪੂਰਨ ਸਿੰਘ ਚੂੰਘਾਂ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਜੱਗਾ ਸਿੰਘ ਬਦਰਾ ਨੇ ਕਿਹਾ ਕਿ ਮੋਦੀ ਤੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਮੂੰਗੀ ਅਤੇ ਮੱਕੀ ਦੀ ਖਰੀਦ 'ਚ ਬੇਲੋੜੀਆਂ ਸ਼ਰਤਾਂ ਮੜ੍ਹਕੇ ਕਿਸਾਨੀ ਨੂੰ ਖੱਜਲ ਖੁਆਰੀ ਕਰਨ ਦਾ ਰਾਹ ਚੁਣਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਰਤ ਮੜ੍ਹ ਦਿੱਤੀ ਹੈ ਕਿ ਹਰ ਕਿਸਾਨ ਮੂੰਗੀ ਵਾਲੀ ਜ਼ਮੀਨ ਦੀਆਂ ਫਰਦਾਂ ਪਟਵਾਰੀ ਤੋਂ ਲੈਕੇ ਤਸਦੀਕ ਕਰਵਾ ਕੇ ਲਿਆਏ ਕਿ ਇਹਨੇ ਇੱਥੇ ਹੀ ਮੂੰਗੀ ਪੈਦਾ ਕੀਤੀ ਹੈ। ਮੂੰਗੀ ਦੀ ਖਰੀਦ ਵੀ ਸਿਰਫ਼ ਸਹਿਕਾਰੀ ਸੁਸਾਇਟੀ ਦੀ ਦੁਕਾਨ 'ਤੇ ਹੀ ਹੋਵੇਗੀ। ਇਸ ਨਾਲ ਮੰਡੀ ਦੇ ਆੜਤੀਏ ਤੇ ਮਜ਼ਦੂਰ ਵਿਹਲੇ ਹੋ ਜਾਣਗੇ। ਇੱਕ ਕਿੱਲੇ ਦੀ ਪੰਜ ਕੁਇੰਟਲ ਤੇ ਕੁੱਲ ਪੱਚੀ ਕੁਇੰਟਲ ਹੀ ਇੱਕ ਕਿਸਾਨ ਵੇਚ ਸਕੇਗਾ। ਜਿੱਥੋਂ ਮੂੰਗੀ ਪੈਦਾ ਕੀਤੀ ਹੈ ਉਥੇ ਝੋਨੇ ਦੀ 126 ਕਿਸਮ ਹੀ ਬੀਜੇਗਾ ਤਾਂ ਹੀ ਮੂੰਗੀ ਦੀ ਅੱਧੀ ਪੇਮੈਂਟ ਉਸ ਦੇ ਖਾਤੇ 'ਚ ਪਾਈ ਜਾਵੇਗੀ।
ਖਰੀਦ ਦੇ ਪੈਮਾਨੇ 'ਤੇ ਪੂਰੀ ਨਾ ਉਤਰਨ ਵਾਲੀ ਮੂੰਗੀ ਉਹ ਕਿੱਥੇ ਵੇਚੇ ਅਜੇ ਤੱਕ ਕੋਈ ਸਰਕਾਰੀ ਹਦਾਇਤ ਨਹੀਂ ਹੈ। ਇਸ ਲਈ ਇਹ ਕਿਸਾਨ ਵਿਰੋਧੀ ਸ਼ਰਤਾਂ ਰੱਦ ਕਰਾਉਣ ਲਈ ਰੋਸ ਰੈਲੀਆਂ ਕਰਕੇ ਸੰਘਰਸ਼ ਦੇ ਮੁੱਢਲੇ ਪੜਾਅ ਵਜੋਂ ਪੰਜਾਬ ਸਰਕਾਰ ਨੂੰ ਇਹ ਮੰਗ ਪੱਤਰ ਦਿੱਤੇ ਜਾ ਰਹੇ ਹਨ।