ਬਰਨਾਲਾ:ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਤਿੰਨ ਰੋਜ਼ਾ ਮਹਾਨ ਸਰਵ ਧਰਮ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਮੂਹ ਧਰਮਾਂ ਦੇ ਮਹਾਂਪੁਰਖਾਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਵੀ ਪਾਏ ਗਏ। ਇਸ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਮੂਹ ਧਰਮਾਂ ਦੇ ਲੋਕਾਂ ਨੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਇਸ ਮਹਾਨ ਸਰਵ ਧਰਮ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਸਰਬ ਧਰਮ ਸਾਂਝਾ 3 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ, ਸਾਰੇ ਧਰਮਾਂ ਦੇ ਪ੍ਰਚਾਰਕਾਂ ਨੇ ਲਿਆ ਹਿੱਸਾ - ਬਰਨਾਲਾ ਵਿਖੇ ਮਹਾਨ ਸਰਵ ਧਰਮ ਗੁਰਮਤਿ
ਬਰਨਾਲਾ ਵਿੱਚ ਪ੍ਰਬੰਧਕ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਵੱਲੋਂ ਸਾਰੇ ਧਰਮਾਂ ਦਾ ਸਾਂਝਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਧਰਮ ਵਿੱਚ ਸਾਰੇ ਧਰਮਾਂ ਦੇ ਪ੍ਰਚਾਰਕ ਨੇ ਹਿੱਸਾ ਲਿਆ। ਇਸ ਸਮਾਗਮ ਦੌਰਾਨ ਪ੍ਰਚਾਰਕਾਂ ਨੇ ਇਲਾਹੀ ਬਾਣੀ ਦੇ ਸੰਦੇਸ਼ ਨਾਲ ਪਹੁੰਚੀਆਂ ਸੰਗਤਾਂ ਨੂੰ ਨਿਹਾਲ ਕੀਤਾ।
ਕਦਮ ਦੀ ਸ਼ਲਾਘਾ: ਇਸ ਗੁਰਮਤਿ ਸਮਾਗਮ ਦੇ ਪ੍ਰਬੰਧਕ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਬਰਨਾਲਾ ਨੇ ਕਿਹਾ ਕਿ ਸਾਰੇ ਧਰਮਾਂ ਨੂੰ ਇੱਕਮੁੱਠ ਰਹਿਣਾ ਚਾਹੀਦਾ ਹੈ ਅਤੇ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਹੈ ਕਿ ਅਸੀਂ ਸਾਰੇ ਧਰਮਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਵਿਚਾਰ ਕਰੀਏ। ਇਸ ਦੇ ਮੱਦੇਨਜ਼ਰ ਇੱਕ ਮਹਾਨ ਸਰਵ ਧਰਮ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੂਰ-ਦੁਰਾਡੇ ਤੋਂ ਅਤੇ ਦੇਸ਼-ਵਿਦੇਸ਼ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਚਾਰਕ ਸੋਹਣ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜੋ 'ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਬਚਨ ਕੀਤੇ ਹਨ', ਉਹਨਾਂ ਉੱਤੇ ਪਹਿਰਾ ਦਿੰਦਿਆਂ ਗੁਲਾਮ ਹੈਦਰ ਕਾਦਰੀ ਵਲੋਂ ਬਹੁਤ ਚੰਗਾ ਉਪਰਾਲਾ ਕਰਦਿਆਂ ਸਮੂਹ ਧਰਮਾਂ ਦੇ ਲੋਕਾਂ ਨੂੰ ਇੱਕ ਮੰਚ ਉੱਤੇ ਇਕੱਠੇ ਕਰਕੇ ਇਕਜੁੱਟ ਹੋ ਕੇ ਜਿੰਦਗੀ ਜਿਉਣ ਦਾ ਸੰਦੇਸ਼ ਦਿੱਤਾ ਹੈ, ਜੋ ਬਹੁਤ ਹੀ ਸ਼ਾਲਾਘਾਯੋਗ ਹੈ।
ਸਾਂਝੀਵਾਲਤਾ ਦਾ ਸੰਦੇਸ਼:ਇਸ ਮੌਕੇ ਪ੍ਰਚਾਰਕਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਸਮੂਹ ਧਰਮਾਂ ਜਾਤਾਂ ਦੇ ਲੋਕ ਇੱਕ ਹਨ। ਸਾਨੂੰ ਸਭ ਨੂੰ ਇਸ ਉਪਦੇਸ਼ ਉਪਰ ਪਹਿਰਾ ਦੇ ਕੇ ਸਤਿਗੁਰੂ ਦੇ ਰੂਹਾਨੀਅਤ ਦੇ ਉਪਦੇਸ਼ ਉੱਤੇ ਅਮਲ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਪਣੇ ਅੰਦਰ ਇੱਕ ਪਰਮਾਤਮਾ ਨੂੰ ਜਾਣ ਕੇ ਮਿਲ ਕੇ ਰਹਿਣਾ ਚਾਹੀਦਾ ਹੈ। ਇਸੇ ਉਪਦੇਸ਼ ਨੂੰ ਲੈ ਕੇ ਸੂਫ਼ੀ ਸੰਤ ਗੁਲਾਮ ਹੈਦਰ ਕਾਦਰੀ ਜੀ ਵੱਲੋਂ ਚੰਗਾ ਉਪਰਾਲਾ ਕਰਦਿਆਂ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਪੰਡਤ ਅਮਨ ਸ਼ਰਮਾ ਨੇ ਕਿਹਾ ਕਿ ਸੰਤ ਗੁਲਾਮ ਹੈਦਰ ਕਾਦਰੀ ਵਲੋਂ ਸਾਰੇ ਧਰਮਾਂ ਦਾ ਸਾਂਝਾ ਸਮਾਗਮ ਕਰਵਾ ਕੇ ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਸਮਾਗਮ ਵਿੱਚ ਸਾਰੇ ਧਰਮਾਂ ਦੇ ਮਹਾਨ ਪ੍ਰਚਾਰਕਾਂ ਨੇ ਭਾਈਚਾਰਕ ਸਾਂਝ ਵਧਾਉਣ ਉੱਤੇ ਜ਼ੋਰ ਦਿੱਤਾ ਹੈ।