ਬਰਨਾਲਾ: ਪੰਜਾਬ ਦੇ ਨੌਜਵਾਨ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਕਰਨ ਤੋਂ ਟਾਲਾ ਵੱਟਦੇ ਜਾ ਰਹੇ ਹਨ। ਉੱਥੇ ਬਰਨਾਲਾ ਜ਼ਿਲ੍ਹੇ ਦਾ ਇੱਕ ਨੌਜਵਾਨ ਵਿਦੇਸ਼ ਤੋਂ ਪਰਤ ਕੇ ਇਸ ਕਿੱਤੇ ਰਾਹੀਂ ਚੰਗੀ ਕਮਾਈ ਕਰ ਰਿਹਾ ਹੈ।
ਬਰਨਾਲਾ ਦੇ ਪਿੰਡ ਹਰੀਗੜ੍ਹ ਦੇ ਰਹਿਣ ਵਾਲਾ ਸੁਖਵਿੰਦਰ ਸਿੰਘ ਸੁੱਖੀ ਸ਼ੇਰਗਿੱਲ 6 ਮਹੀਨੇ ਪਹਿਲਾਂ ਅਮਰੀਕਾ ਤੋਂ ਵਾਪਸ ਪੰਜਾਬ ਪਰਤਿਆ ਸੀ, ਜਿਸ ਤੋਂ ਬਾਅਦ ਉਸ ਨੇ ਕੋਰੋਨਾ ਵਾਇਰਸ ਕਾਰਨ ਲਗਾਏ ਲੌਕਡਾਊਨ ਦੌਰਾਨ ਮੱਕੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੱਕੀ ਦੇ ਵਿਚਕਾਰ ਧਨੀਏ ਦੀ ਖੇਤੀ ਵੀ ਸ਼ੁਰੂ ਕੀਤੀ ਗਈ। ਇਨ੍ਹਾਂ ਦੋਵੇਂ ਫ਼ਸਲਾਂ ਦਾ ਸੁੱਖੀ ਵੱਲੋਂ ਖ਼ੁਦ ਮੰਡੀਕਰਨ ਕੀਤਾ ਜਾ ਰਿਹਾ ਹੈ ਅਤੇ ਬਿਨਾਂ ਕਿਸੇ ਝਿਜਕ ਤੋਂ ਉਹ ਬਾਜ਼ਾਰ ਵਿੱਚ ਆਮ ਦੁਕਾਨਦਾਰਾਂ ਦੀਆਂ ਰੇਹੜੀਆਂ ਨਾਲ ਆਪਣੀ ਦੁਕਾਨ ਲਗਾ ਕੇ ਆਪਣੀ ਉਗਾਈ ਫ਼ਸਲ ਵੇਚ ਕੇ ਚੰਗੀ ਕਮਾਈ ਕਰ ਰਿਹਾ ਹੈ।
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨੌਜਵਾਨ ਸੁਖਵਿੰਦਰ ਸਿੰਘ ਸੁੱਖੀ ਸ਼ੇਰਗਿੱਲ ਨੇ ਕਿਹਾ ਕਿ ਉਹ 6 ਮਹੀਨੇ ਪਹਿਲਾਂ ਅਮਰੀਕਾ ਤੋਂ ਪਰਤਿਆ ਹੈ। ਕੋਰੋਨਾ ਵਾਇਰਸ ਦੇ ਲੌਕਡਾਊਨ ਦੌਰਾਨ ਉਹ ਘਰ ਵਿੱਚ ਵਿਹਲਾ ਬੈਠਾ ਸੀ, ਜਿਸ ਕਰਕੇ ਉਸ ਨੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਆਪਣੇ ਖੇਤ ਵਿੱਚ ਮੱਕੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੱਕੀ ਦੇ ਵਿਚਕਾਰ ਧਨੀਏ ਦੀ ਖੇਤੀ ਵੀ ਕੀਤੀ ਜਾ ਰਹੀ ਹੈ ਪਰ ਜਦੋਂ ਉਹ ਧਨੀਏ ਦੀ ਫ਼ਸਲ ਵੇਚਣ ਸਬਜ਼ੀ ਮੰਡੀ ਵਿੱਚ ਗਿਆ ਤਾਂ ਉਸ ਨੂੰ ਨਿਗੁਣਾ ਭਾਅ ਮਿਲਿਆ, ਜਿਸ ਤੋਂ ਨਿਰਾਸ਼ ਹੋ ਕੇ ਉਸ ਨੇ ਧਨੀਏ ਦੀ ਫ਼ਸਲ ਖੁਦ ਵੇਚਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਬਰਨਾਲਾ ਦੇ ਬਾਜ਼ਾਰ ਵਿੱਚ ਰੇਹੜੀਆਂ ਵਾਲਿਆਂ ਨਾਲ ਦੁਨੀਆਂ ਵਿੱਚ ਨਾਲ ਸ਼ੁਰੂ ਕਰ ਦਿੱਤਾ। ਪਹਿਲੇ ਹੀ ਦਿਨ ਉਸ ਨੂੰ ਚੰਗੀ ਕਮਾਈ ਹੋਈ।