ਬਰਨਾਲਾ:ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਉੱਥੇ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਪਿੰਡਾਂ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ, ਪ੍ਰੰਤੂ ਦੂਜੇ ਪਾਸੇ ਕਿਸਾਨੀ ਅੰਦੋਲਨ ਦੇ ਚੱਲਦਿਆਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਵਿਖੇ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਹੈ। ਸਿਆਸੀ ਲੀਡਰਾਂ ਨੂੰ ਪਿੰਡਾਂ 'ਚ ਦਾਖ਼ਲ ਹੋਣ ਸਬੰਧੀ ਚਿਤਾਵਨੀ ਦਿੰਦਿਆਂ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਐਂਟਰੀ ਗੇਟਾਂ 'ਤੇ ਬੈਨਰ ਲਗਾਏ ਗਏ ਹਨ।
ਇਹ ਵੀ ਪੜੋ: ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ: 'ਆਪ' ਆਗੂ
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਕਰ ਰਹੇ ਹਨ। ਇਸੇ ਸੰਘਰਸ਼ ਦੇ ਚੱਲਦਿਆਂ ਪਿੰਡ ਵਾਸੀਆਂ ਵੱਲੋਂ ਇਕਜੁੱਟ ਹੋ ਕੇ ਸਾਰੇ ਹੀ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਗਿਆ ਹੈ। ਕਿਉਂਕਿ ਕਿਸਾਨ ਅੰਦੋਲਨ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਵਿੱਚ ਅਖ਼ਬਾਰੀ ਬਿਆਨ ਦੇ ਕੇ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਦਾਅਵਾ ਕਰ ਰਹੇ ਹਨ, ਪਰ ਅਸਲੀਅਤ ਵਿੱਚ ਦਿੱਲੀ ਜਾ ਕੇ ਕਿਸੇ ਵੀ ਪਾਰਟੀ ਦੇ ਲੀਡਰ ਨੇ ਮੋਰਚਾ ਤੱਕ ਨਹੀਂ ਲਗਾਇਆ।