ਬਰਨਾਲਾ:ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਗੁਰੂਘਰ ਮੰਜੀ ਸਾਹਿਬ ਰਾਏਕੋਟ ਰੋਡ ਬਰਨਾਲਾ ਵਿਖੇ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਮੇਤ ਸੂਬਾਈ ਆਗੂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਹਾਜ਼ਰ ਹੋਏ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਫ਼ਰੀਦਕੋਟ ਦੀ ਸਮੁੱਚੀ ਟੀਮ ਨੇ ਸੂਬਾ ਕਮੇਟੀ ਦੀ ਅਗਵਾਈ ਵਿੱਚ ਫ਼ਸਲੀ ਮੁਆਵਜ਼ੇ ਦਾ ਘੋਲ 54 ਦਿਨ ਲਗਾਤਾਰ ਐਸ.ਡੀ.ਐਮ. ਦਫਤਰ ਅੱਗੇ ਪੱਕਾ ਮੋਰਚਾ ਲਾਕੇ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ ਹੈ। ਕਿਉਂਕਿ ਜੈਤੋ ਦੇ ਇਲਾਕੇ ਜਿੰਨਾਂ ਵਿੱਚ ਗੜੇਮਰੀ ਕਾਰਨ ਫ਼ਸਲਾਂ ਤਬਾਹ ਹੋਈਆਂ ਸਨ। ਇਹਨਾਂ ਪਿੰਡਾਂ ਵਿੱਚ ਲੱਗਭਗ 19 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਪੈ ਚੁੱਕਾ ਹੈ। ਕੁੱਝ ਰਕਬੇ ਦਾ ਰਹਿੰਦਾ ਮੁਆਵਜ਼ਾ ਹਫ਼ਤੇ ਦੇ ਅੰਦਰ ਪਾ ਦਿੱਤਾ ਜਾਵੇਗਾ।
ਸੂਬਾ ਪ੍ਰਧਾਨ ਨੇ ਕਿਹਾ ਕੀ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕੀ ਫ਼ਸਲੀ ਮੁਆਵਜ਼ਾ ਹਫ਼ਤੇ ਦੇ ਅੰਦਰ ਭਾਵ ਵੈਸਾਖੀ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ, ਪਰ ਆਪਣਾ ਹੱਕ ਲੈਣ ਲਈ ਕਿਸਾਨਾਂ ਨੂੰ ਜੱਥੇਬੰਦੀ ਦੀ ਅਗਵਾਈ ਵਿੱਚ 55 ਦਿਨ ਲਗਾਤਾਰ ਜੂਝਣਾ ਪਿਆ। ਉਹਨਾਂ ਕਿਹਾ ਕੀ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਅਣਦੇਖੀ ਕਰ ਸਿਰਫ ਦੌਰੇ ਕਰਕੇ ਮੁੱਖਮੰਤਰੀ ਤੇ ਮੰਤਰੀ ਗੋਂਗਲੂਆਂ ਤੋ ਮਿੱਟੀ ਝਾੜ ਰਹੇ ਹਨ। ਹਾਲੇ ਤੱਕ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੋਈ ਰਾਹਤ ਪੈਕਜ ਦਾ ਐਲਾਨ ਨੀ ਕੀਤਾ ਅਤੇ ਨਾ ਹੀ ਕੋਈ ਠੋਸ ਵਿਉਂਤਬੰਦੀ ਉਲੀਕੀ ਹੈ, ਜਿਸ ਕਾਰਨ ਸੰਯੁਕਤ ਮੋਰਚਾ ਪੰਜਾਬ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਐਮ.ਐਲ.ਏ. ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਸੱਦਾ 19 ਅਗਸਤ ਦਾ ਦਿੱਤਾ ਹੈ। ਇਸ ਦਿਨ ਸਵੇਰੇ 11 ਵਜੇ ਤੋਂ ਲੈਕੇ ਪੰਜ ਵਜੇ ਤੱਕ ਘਿਰਾਓ ਕਰਕੇ ਰਾਹਤ ਪੈਕਜ ਦੇਣ ਲਈ ਚਿਤਵਨੀ ਪੱਤਰ ਦਿੱਤੇ ਜਾਣਗੇ ਅਤੇ ਇਹਨਾਂ ਆਗੂਆਂ ਨੂੰ ਇਸ ਦਿਨ ਘਰੇ ਹਾਜ਼ਰ ਰਹਿਣ ਦੀ ਚਿਤਾਵਨੀ ਪਹਿਲਾ ਹੀ ਸੰਯੁਕਤ ਮੋਰਚੇ ਵੱਲੋ ਦਿੱਤੀ ਜਾ ਚੁੱਕੀ ਹੈ।