ਬਠਿੰਡਾ :ਬਠਿੰਡਾ ਅਤੇ ਬਰਨਾਲਾ ਬਾਈਪਾਸ ਉੱਤੇ ਬੀਤੇ ਦਿਨੀਂ ਇੱਕ ਬੱਚੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਬਰਨਾਲਾ ਬਾਈਪਾਸ ਉੱਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਗਈ। ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਆਏ ਦਿਨ ਇੱਥੇ ਖਰਾਬ ਸੜਕ ਕਾਰਨ ਵੱਡੇ ਹਾਦਸੇ ਵਾਪਰੇ ਹਨ ਅਤੇ ਲਗਾਤਾਰ ਲੋਕਾਂ ਦੀ ਜਾਨਾਂ ਜਾ ਰਹੀਆਂ ਹਨ।
ਵਾਰ-ਵਾਰ ਪ੍ਰਸ਼ਾਸਨ ਨੂੰ ਮੰਗ ਕਰਨ ਦੇ ਬਾਵਜੂਦ ਇਸ ਸੜਕ ਦਾ ਨਿਰਮਾਣ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਇੱਕ ਬੱਚਾ ਸੜਕ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਇਸ ਸੜਕ ਦੀ ਉਸਾਰੀ ਜਾਂ ਪੁਲ ਦੀ ਉਸਾਰੀ ਨਾ ਕੀਤੀ ਗਈ ਤਾਂ ਇਹ ਸੰਘਰਸ਼ ਇਸ ਤਰ੍ਹਾਂ ਜਾਰੀ ਰਹੇਗਾ। ਕਰੀਬ ਸਵਾ ਮਹੀਨਾ ਪਹਿਲਾਂ ਇਸੇ ਰਸਤੇ ਵਿੱਚ ਮੌਤ ਦਾ ਸ਼ਿਕਾਰ ਹੋਏ ਬੱਚੇ ਦੇ ਪਿਤਾ ਭੂਰਾ ਸਿੰਘ ਦਾ ਕਹਿਣਾ ਸੀ ਕਿ ਇਸ ਖਰਾਬ ਸੜਕ ਨੇ ਉਨ੍ਹਾਂ ਦੇ ਬੱਚੇ ਦੀ ਜਾਨ ਲੈ ਲਈ ਪਰ ਉਹ ਹੁਣ ਚਾਹੁੰਦੇ ਹਨ ਕਿ ਇੱਕ ਖਰਾਬ ਸੜਕ ਹੋਰ ਨੌਜਵਾਨ ਦੀ ਜਾਨ ਨਾ ਲਵੇ ਕਿਉਂਕਿ ਇਸ ਖਰਾਬ ਸੜਕ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਮੌਤਾਂ ਹੋ ਰਹੀਆਂ ਹਨ।