ਵਾਢੀ ਦਾ ਕੰਮ ਨਿਬੇੜ ਕੇ ਕਿਸਾਨਾਂ ਨੇ ਮੁੜ ਪਾਏ ਦਿੱਲੀ ਮੋਰਚੇ ਨੂੰ ਚਾਲੇ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰੀਬ 5 ਮਹੀਨਿਆਂ ਤੋਂ ਜਾਰੀ ਹੈ। ਕਣਕ ਦੀ ਵਾਢੀ ਕਾਰਨ ਬਹੁ ਗਿਣਤੀ ਕਿਸਾਨਾਂ ਨੂੰ ਦਿੱਲੀ ਮੋਰਚਿਆਂ ਤੋਂ ਪੰਜਾਬ ਵਾਪਸ ਪਰਤਣਾ ਪਿਆ ਸੀ। ਪਰ ਹੁਣ ਵਾਢੀ ਦਾ ਕੰਮ ਧੰਦਾ ਨਿਬੇੜ ਕੇ ਕਿਸਾਨਾਂ ਨੇ ਮੁੜ ਦਿੱਲੀ ਮੋਰਚੇ ਲਈ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ।
ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੀਮਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਉਗਰਾਹਾਂ ਦੇ ਜੱਥੇ ਦਿੱਲੀ ਲਈ ਅਲੱਗ ਅਲੱਗ ਤੌਰ ’ਤੇ ਰਵਾਨਾ ਹੋ ਗਏ ਹਨ। ਇਸ ਸਮੇਂ ਕਿਸਾਨ ਆਗੂ ਸੰਦੀਪ ਸਿੰਘ ਅਤੇ ਬਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਭੁਲੇਖਾ ਸੀ ਕਿ ਕਣਕ ਦੀ ਵਾਢੀ ਕਰਕੇ ਸੰਘਰਸ਼ ਖਿੰਡ ਜਾਵੇਗਾ,ਪਰ ਕਿਸਾਨ ਜੱਥੇਬੰਦੀਆ ਨੇ ਸਰਕਾਰ ਦਾ ਇਹ ਭੁਲੇਖਾ ਦੂਰ ਕਰਕੇ ਰੱਖ ਦਿੱਤਾ ਹੈ। ਜਿਵੇਂ ਜਿਵੇਂ ਕਿਸਾਨਾਂ ਦਾ ਕਣਕ ਅਤੇ ਤੂੜੀ ਦਾ ਕੰਮ ਨੇਪਰੇ ਚੜ ਰਿਹਾ ਹੈ ਕਿਸਾਨ ਮੁੜ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ।
ਇਸੇ ਤਰਾਂ ਵਾਢੀ ਦਾ ਕੰਮ ਖ਼ਤਮ ਕਰਕੇ ਪਿੰਡ ਚੂੰਘਾਂ, ਮੱਲੀਆਂ, ਰਾਮਗੜ, ਟੱਲੇਵਾਲ ਅਤੇ ਭੋਤਨਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ 30 ਦੇ ਕਰੀਬ ਕਿਸਾਨ ਕੈਂਟਰ ’ਤੇ ਸਵਾਰ ਹੋ ਕੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਏ ਹਨ। ਕਿਸਾਨ ਆਗੂ ਬਿੰਦਰ ਸਿੰਘ ਨੇ ਦੱਸਿਆ ਕਿ ਵਾਢੀ ਦੇ ਸੀਜ਼ਨ ਦਰਮਿਆਨ ਵੀ ਕਿਸਾਨਾਂ ਦੇ ਕਾਫ਼ਲੇ ਦਿੱਲੀ ਜਾਣ ਤੋਂ ਨਹੀਂ ਰੁਕੇ। ਮਹੀਨੇ ਦੇ ਤਿੰਨ ਦਿਨ ਪਿੰਡ ਭੋਤਨਾ ਤੋਂ ਕਾਫ਼ਲੇ ਦਿੱਲੀ ਦੇ ਬਾਰਡਰਾਂ ’ਤੇ ਜਾ ਰਹੇ ਹਨ।
ਪਿੰਡ ਗਹਿਲ, ਦੀਵਾਨਾ, ਰਾਮਗੜ, ਬਖ਼ਤਗੜ, ਪੱਖੋਕੇ ਅਤੇ ਜੋਧਪੁਰ ਤੋਂ ਭਾਕਿਯੂ ਕਾਦੀਆਂ ਅਤੇ ਉਗਰਾਹਾਂ ਦੇ ਕਾਫ਼ਲੇ ਦਿੱਲੀ ਮੋਰਚੇ ’ਚ ਸ਼ਾਮਲ ਹੋ ਚੁੱਕੇ ਹਨ। ਕਿਸਾਨ ਆਗੂ ਜੱਜ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ। ਜਿਹਨਾਂ ਨੂੰ ਰੋਕਣ ਲਈ ਜੀ-ਜਾਨ ਦੀ ਬਾਜ਼ੀ ਲਗਾਈ ਹੋਈ ਹੈ। ਭਾਵੇਂ ਸਰਕਾਰ ਕੋਰੋਨਾ ਦਾ ਡਰ ਪੈਦਾ ਕਰਕੇ ਕਿਸਾਨ ਅੰਦੋਲਨ ਖ਼ਤਮ ਕਰਨਾ ਚਾਹੁੰਦੀ ਹੈ ਪਰ ਖੇਤੀ ਕਾਨੂੰਨ ਰੱਦ ਹੋਣ ਤੱਕ ਇਹ ਸੰਘਰਸ਼ ਅਤੇ ਕਾਫ਼ਲੇ ਦਿੱਲੀ ਵੱਲ ਨੂੰ ਜਾਰੀ ਰਹਿਣਗੇ।