ਬਰਨਾਲਾ : ਪੰਜਾਬ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਉਥੇ ਹੀ ਜੇ ਗੱਲ ਕਰੀਏ ਤਾਂ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਹਲਕੇ ਵਿੱਚ ਰਵਾਇਤੀ ਪਾਰਟੀਆਂ ਦੇ ਨਾਲ-ਨਾਲ ਇਸ ਵਾਰ ਕਿਸਾਨੀ ਅੰਦੋਲਨ 'ਚੋਂ ਨਿਕਲੇ ਸੰਯੁਕਤ ਸਮਾਜ ਮੋਰਚਾ ਚੋਣ ਮੈਦਾਨ ਵਿੱਚ ਹੈ। ਸੰਯੁਕਤ ਮੋਰਚੇ ਵਲੋਂ ਵੀ ਉਮੀਦਵਾਰ ਐਡਵੋਕੇਟ ਜਸਬੀਰ ਸਿੰਘ ਖੇੜੀ ਨੂੰ ਉਤਾਰਿਆ ਗਿਆ ਹੈ। ਜਿਸ ਕਰਕੇ ਮਹਿਲ ਕਲਾਂ ਹਲਕੇ ਵਿੱਚ ਸਿਆਸੀ ਅਖਾੜਾ ਕਈ ਕੋਣਾਂ ਬਣ ਗਿਆ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਸਬੀਰ ਸਿੰਘ ਖੇੜੀ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਚੋਣ ਪ੍ਰਚਾਰ ਕਰ ਰਹੇ ਸਨ। ਜਦਕਿ ਪਿਛਲੀਆਂ ਚੋਣਾਂ ਦੇ ਸਾਥੀ ਇਸ ਵਾਰ ਆਹਮੋ ਸਾਹਮਣੇ ਹੋਣਗੇ।
ਮਹਿਲ ਕਲਾਂ 'ਚ 'ਆਪ' ਵਿਧਾਇਕ ਪੰਡੋਰੀ ਦਾ ਸਾਥੀ ਹੀ ਦੇਵੇਗਾ ਟੱਕਰ ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਸਿਆਸੀ ਮੈਦਾਨ 'ਚ ਉਤਰੇ ਸੰਯੁਕਤ ਸਮਾਜ ਮੋਰਚੇ ਨੇ ਪੂਰੇ ਪੰਜਾਬ 'ਚ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਉੱਥੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਤੋਂ ਐਡਵੋਕੇਟ ਜਸਬੀਰ ਸਿੰਘ ਖੇੜੀ ਨੂੰ ਟਿਕਟ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਵਿਸ਼ੇਸ਼ ਗੱਲਬਾਤ ਕਰਦਿਆਂ ਸੰਯੁਕਤ ਸਮਾਜ ਮੋਰਚੇ ਵੱਲੋਂ ਸਿਆਸਤ ਵਿੱਚ ਆਉਣ 'ਤੇ ਆਪਣੇ ਮੁੱਦਿਆਂ 'ਤੇ ਚਰਚਾ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਜਸਬੀਰ ਸਿੰਘ ਖੇੜੀ ਨੇ ਕਿਹਾ ਕਿ ਮਹਿਲ ਕਲਾਂ ਨਿਰੋਲ ਦਿਹਾਤੀ ਹਲਕਾ ਹੈ। ਇਸ ਹਲਕੇ ਵਿੱਚ ਪਿਛਲੇ ਸੱਤਰ ਸਾਲਾਂ ਦੌਰਾਨ ਕਿਸੇ ਪਾਰਟੀ ਦੇ ਵਿਧਾਇਕ ਜਾਂ ਸਰਕਾਰ ਨੇ ਕੋਈ ਬੁਨਿਆਦੀ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦਕਿ ਉਨ੍ਹਾਂ ਦਾ ਏਜੰਡਾ ਮਹਿਲ ਕਲਾਂ ਵਿੱਚ ਸਿਹਤ, ਸਿੱਖਿਆ, ਸਹੂਲਤਾਂ ਦੇ ਨਾਲ-ਨਾਲ ਖੇਤੀ ਅਤੇ ਉਦਯੋਗ ਲਈ ਕੰਮ ਕਰਨਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਹਿਲ ਕਲਾਂ ਅਤੇ ਵੀਹ ਹਲਕਿਆਂ ਦੇ ਲੋਕ ਮੌਕਾ ਦੇ ਚੁੱਕੇ ਹਨ, ਪਰ ਇਨ੍ਹਾਂ ਦੇ ਵਿਧਾਇਕਾਂ ਵੱਲੋਂ ਲੋਕਾਂ ਦਾ ਕੋਈ ਮੁੱਦਾ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿਥੇ ਕਿਸਾਨ ਜਥੇਬੰਦੀਆਂ ਪ੍ਰੈਸ਼ਰ ਗਰੁੱਪ ਦੇ ਤੌਰ 'ਤੇ ਕੰਮ ਕਰ ਰਹੇ ਹਨ, ਉਥੇ ਕਿਸਾਨਾਂ ਨੂੰ ਸਿਅਸੀ ਤੌਰ 'ਤੇ ਵੀ ਮਜ਼ਬੂਤ ਹੋਣ ਦੀ ਲੋੜ ਹੈ। ਜਿਸ ਕਰਕੇ ਸੰਯੁਕਤ ਸਮਾਜ ਮੋਰਚਾ ਕਿਸਾਨਾਂ ਲਈ ਇੱਕ ਚੰਗਾ ਬਦਲ ਹੈ। ਉਨ੍ਹਾਂ ਕਿਹਾ ਕਿ ਇਸੇ ਰਣਨੀਤੀ 'ਤੇ ਆਰ.ਐੱਸ.ਐੱਸ ਅਤੇ ਬੀਜੇਪੀ ਕੰਮ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਮਹਿਲ ਕਲਾਂ ਕਿਸਾਨ ਜਥੇਬੰਦੀਆਂ ਦਾ ਗੜ੍ਹ ਹੈ, ਇਥੇ ਕਿਸਾਨ ਯੂਨੀਅਨ ਰਾਜੇਵਾਲ ਸਿੱਧੇ ਤੌਰ 'ਤੇ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ। ਜਦ ਕਿ ਹੋਰ ਕਿਸਾਨ ਜਥੇਬੰਦੀਆਂ ਵੀ ਉਨ੍ਹਾਂ ਨੂੰ ਆਪਣਾ ਸਮਰਥਨ ਦੇ ਰਹੀਆਂ ਹਨ ਤੇ ਇਸ ਵਾਰ ਉਨ੍ਹਾਂ ਨੂੰ ਜਿਤਾਉਣਗੇ ਅਤੇ ਇੱਕ ਮੌਕਾ ਜ਼ਰੂਰ ਦੇਣਗੇ।
ਇਹ ਵੀ ਪੜ੍ਹੋ :ਵਿਧਾਨ ਸਭਾ ਚੋਣਾਂ: ਵੋਟਾਂ ਲਈ ਡੇਰਾ ਸਿਰਸਾ ਦੀ ਸ਼ਰਨ 'ਚ ਪਹੁੰਚੇ ਸਿਆਸੀ ਲੀਡਰ