ਪੰਜਾਬ

punjab

ਆਮ ਆਦਮੀ ਪਾਰਟੀ ਨੇ ਪਿਆਜ਼ ਦੀਆਂ ਵੱਧੀਆਂ ਕੀਮਤਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ

ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਸਿਆਸਤ ਵੀ ਭੱਖ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਲੋਕਾਂ ਦੀ ਥਾਲੀ 'ਚੋਂ ਗਾਇਬ ਹੋ ਰਹੇ ਪਿਆਜ਼ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਤੇ ਸੂਬੇ ਭਰ 'ਚ ਪ੍ਰਦਰਸ਼ਨ ਕੀਤਾ।

By

Published : Dec 9, 2019, 7:09 PM IST

Published : Dec 9, 2019, 7:09 PM IST

aam aadmi party
ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ

ਬਰਨਾਲਾ: ਪਿਆਜ਼ ਦੀਆਂ ਦਿਨੋਂ ਦਿਨ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਬਰਨਾਲਾ 'ਚ ਆਮ ਆਦਮੀ ਪਾਰਟੀ ਨੇ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਵਰਕਰਾਂ ਨੇ ਸੜਕ 'ਤੇ ਬੈਠ ਕੇ ਪਿਆਜ਼ ਵੇਚਿਆ ਅਤੇ ਲੋਕਾਂ ਨੂੰ ਇੱਕ-ਇੱਕ ਮੁਫ਼ਤ ਪਿਆਜ਼ ਵੀ ਦਿੱਤਾ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਸਸਤਾ ਪਿਆਜ਼ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਦੇ ਕਚਹਿਰੀ ਚੌਕ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਡੀਸੀ ਨੂੰ ਇਸ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ।

ਵੀਡੀਓ
ਇਸ ਮੌਕੇ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਅੱਜ ਮਹਿੰਗਾਈ ਦੇ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਕਾਲਾ ਬਾਜ਼ਾਰੀਆਂ ਦਾ ਸਾਥ ਦੇ ਕੇ ਪਿਆਜ਼ ਨੂੰ ਆਮ ਆਦਮੀ ਦੀ ਥਾਲੀ ਤੋਂ ਦੂਰ ਕਰ ਰਹੀ ਹੈ। ਜਮਾਂਖੋਰ ਪਿਆਜ਼ ਦਾ ਸਟਾਕ ਕਰਕੇ ਉਸ ਨੂੰ ਵੱਧ ਭਾਅ ਤੇ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਲਸਣ 300 ਰੁਪਏ ਪ੍ਰਤੀ ਕਿਲੋ ਅਤੇ ਟਮਾਟਰ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਗਰੀਬ ਵਿਅਕਤੀ ਨੂੰ ਘਰ ਚਲਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਦਿੱਲੀ ਸਰਕਾਰ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਦੋਂ ਕੇਜਰੀਵਾਲ ਸਰਕਾਰ ਲੋਕਾਂ ਨੂੰ 26 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪਿਆਜ਼ ਦੇ ਸਕਦੀ ਹੈ ਤਾਂ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਕਿਉਂ ਘੱਟ ਰੇਟ ਤੇ ਪਿਆਜ਼ ਉਪਲੱਬਧ ਨਹੀਂ ਕਰਵਾ ਸਕਦੀ। ਸਰਕਾਰ ਨੂੰ ਚੇਤਾਵਨੀ ਦਿੰਦਿਆ ਉਨ੍ਹਾਂ ਕਿਹਾ ਕਿ ਹੁਣ ਵੀ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਉਹ ਲੋਕਾਂ ਨਾਲ ਮਿਲ ਕੇ ਇਸ ਦੇ ਖਿਲਾਫ਼ ਸੜਕਾਂ 'ਤੇ ਉਤਰਨਗੇ।ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਮਾਸਟਰ ਪ੍ਰੇਮ ਕੁਮਾਰ ਨੇ ਕਿਹਾ ਕਿ ਮਹਿੰਗਾਈ ਨੇ ਆਮ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ ਅਤੇ ਹੁਣ ਗਰੀਬ ਲੋਕ ਪਿਆਜ਼ ਨਹੀਂ ਖਰੀਦ ਪਾ ਰਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਪਿਆਜ਼ ਅਤੇ ਲਸਣ ਸਸਤੇ ਰੇਟਾਂ 'ਤੇ ਖ਼ਰੀਦ ਕੇ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਹੀ ਪਿਆਜ਼ ਅਤੇ ਲਸਣ ਵਪਾਰੀ ਕਾਲਾ ਬਾਜ਼ਾਰੀ ਕਰਕੇ ਮਹਿੰਗੇ ਭਾਅ ਵੇਚਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਕਾਲਾ ਬਾਜ਼ਾਰੀ ਕਰਨ ਵਾਲੇ ਵਪਾਰੀਆਂ ਦਾ ਸਾਥ ਦੇ ਰਹੀ ਹੈ ਅਤੇ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ।

ABOUT THE AUTHOR

...view details