ਮ੍ਰਿਤਕ ਦਾ ਪਿਤਾ ਜਾਣਕਾਰੀ ਦਿੰਦਾ ਹੋਇਆ ਬਰਨਾਲਾ:ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਤਾਂ ਆਪਣੇ ਚੰਗੇ ਭਵਿੱਖ ਲਈ ਹਨ ਪਰ ਉਥੇ ਕਈ ਵਾਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਜਾਂ ਕੋਈ ਅਣਹੋਣੀ ਵਾਪਰ ਜਾਂਦੀ। ਜਿਸ ਕਾਰਨ ਉਹ ਇਸ ਫਾਨੀ ਸੰਸਾਰ ਨੂੰ ਵੀ ਅਲਵਿਦਾ ਤੱਕ ਆਖ ਜਾਂਦੇ ਹਨ। ਅਜਿਹਾ ਹੀ ਕੁਝ ਬਰਨਾਲਾ ਦੇ ਇੱਕ ਨੌਜਵਾਨ ਅਮਨਿੰਦਰ ਸਿੰਘ ਦੇ ਨਾਲ ਵੀ ਹੋਇਆ ਹੈ। ਨੌਜਵਾਨ ਕੈਨੇਡਾ ਦੇ ਕੈਲਗਰੀ 'ਚ ਆਪਣੇ ਸੁਫਨੇ ਪੂਰੇ ਕਰਨ ਗਿਆ ਸੀ ਪਰ ਉਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। (Youth Died in Canada)
ਮ੍ਰਿਤਕ 2018 ਵਿੱਚ ਗਿਆ ਸੀ ਕੈਨੇਡਾ: ਕੈਨੇਡਾ 'ਚ ਜਿਸ ਨੌਜਵਾਨ ਅਮਨਿੰਦਰ ਸਿੰਘ ਦੀ ਮੌਤ ਹੋਈ ਹੈ, ਉਸ ਦੀ ਉਮਰ ਕਰੀਬ 34 ਸਾਲ ਸੀ, ਜੋ ਬਰਨਾਲਾ ਦੇ ਏਅਰਫੋਰਸ ਰੋਡ ਬਾਬਾ ਅਜੀਤ ਸਿੰਘ ਨਗਰ ਦਾ ਰਹਿਣ ਵਾਲਾ ਸੀ, ਜੋ 2018 ਵਿੱਚ ਆਪਣੇ ਸੁਫਨੇ ਨੂੰ ਸਕਾਰ ਕਰਨ ਲਈ ਵਿਆਹ ਕਰਵਾਕੇ ਕੈਨੇਡਾ ਗਿਆ ਸੀ ਪਰ ਉਥੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਆਪਣੇ ਪੁੱਤ ਨੂੰ ਕਰੀਬ 20 ਲੱਖ ਦਾ ਖਰਚਾ ਕਰਕੇ ਕੈਨੇਡਾ ਭੇਜਿਆ ਸੀ। ਹੁਣ ਮ੍ਰਿਤਕ ਦਾ ਪਰਿਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਕਰ ਰਿਹਾ ਹੈ।
ਰੁਜ਼ਗਾਰ ਨਾ ਮਿਲਣ ਕਾਰਨ ਗਿਆ ਸੀ ਕੈਨੇਡਾ:ਇਸ ਨੂੰ ਲੈਕੇ ਮ੍ਰਿਤਕ ਅਮਨਿੰਦਰ ਸਿੰਘ ਦੇ ਪਿਤਾ ਸਾਬਕਾ ਫੌਜੀ ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਦਿਨੀ ਉਹਨਾਂ ਨੂੰ ਫੋਨ ਰਾਹੀਂ ਜਾਣਕਾਰੀ ਮਿਲੀ ਕਿ ਉਹਨਾਂ ਦੇ ਪੁੱਤਰ ਅਮਨਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਅਮਨਿੰਦਰ ਸਿੰਘ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਅੰਦਰ ਰੁਜ਼ਗਾਰ ਘੱਟ ਹੋਣ ਕਾਰਨ 20 ਲੱਖ ਰੁਪਏ ਤੋਂ ਉੱਪਰ ਲਾ ਕੇ ਉਸ ਨੂੰ ਕੈਨੇਡਾ ਭੇਜਿਆ ਸੀ। ਜਿੱਥੇ ਇਸ ਦੁੱਖਦਾਈ ਘਟਨਾ ਨਾਲ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ ਹੈ।
ਮ੍ਰਿਤਕ ਦਾ ਦੂਜਾ ਭਰਾ ਵੀ ਕੈਨੇਡਾ:ਪਿਤਾ ਨੇ ਦੱਸਿਆ ਕਿ ਪੰਜਾਬ ਅੰਦਰ ਰੁਜ਼ਗਾਰ ਘੱਟ ਹੋਣ ਦੇ ਚੱਲਦਿਆਂ ਚੰਗੇ ਭਵਿੱਖ ਲਈ ਉਹਨਾਂ ਨੇ ਆਪਣੇ ਪੁੱਤਰ ਨੂੰ ਕੈਨੇਡਾ ਭੇਜਿਆ ਸੀ ਪਰ ਕੀ ਪਤਾ ਸੀ ਕਿ ਉਨ੍ਹਾਂ ਦੇ ਪੁੱਤ ਦੀ ਕਨੇਡਾ ਵਿੱਚ ਇਸ ਤਰ੍ਹਾਂ ਨਾਲ ਮੌਤ ਹੋ ਜਾਵੇਗੀ। ਮ੍ਰਿਤਕ ਅਮਨਿੰਦਰ ਸਿੰਘ ਦਾ ਦੂਜਾ ਛੋਟਾ ਭਰਾ ਵੀ ਕੈਨੇਡਾ ਵਿੱਚ ਕੰਮ ਕਰ ਰਿਹਾ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸਮੇਤ ਕੈਨੇਡਾ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਜਿਸ ਦੀ ਜਾਂਚ ਕਰਨੀ ਜਰੂਰੀ ਹੈ।
ਸਰਕਾਰਾਂ ਨੂੰ ਪਰਿਵਾਰ ਨੇ ਲਾਈ ਗੁਹਾਰ: ਪਰਿਵਾਰ ਦਾ ਕਹਿਣਾ ਕਿ ਵਿਦੇਸ਼ਾਂ ਵਿੱਚ ਸਿਹਤ ਸਹੂਲਤਾਂ ਵਧੀਆਂ ਹਨ, ਪਰ ਫਿਰ ਵੀ ਦਿਲ ਦੇ ਦੌਰੇ ਕਾਰਨ ਹੋ ਰਹੀਆਂ ਮੌਤਾਂ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਉਹਨਾਂ ਦੱਸਿਆ ਕਿ ਵਿਦੇਸ਼ ਜਾ ਕੇ ਪੰਜਾਬੀ ਨੌਜਵਾਨ ਕੰਮ ਦੇ ਬੋਝ ਹੇਠ ਦੱਬ ਜਾਂਦੇ ਹਨ ਅਤੇ ਮਾਨਸਿਕ ਤੌਰ 'ਤੇ ਵੀ ਪਰੇਸ਼ਾਨ ਹੋ ਜਾਂਦੇ ਹਨ। ਜਿਸ ਕਾਰਨ ਅਜਿਹੀਆਂ ਮੌਤਾਂ ਹੋ ਰਹੀਆਂ ਹਨ। ਪੀੜਤ ਪਰਿਵਾਰਕ ਮੈਂਬਰਾਂ ਨੇ ਕੈਨੇਡਾ ਸਰਕਾਰ, ਭਾਰਤ ਸਰਕਾਰ ਸਮੇਤ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਉਹ ਆਪਣੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਅਸਮਰੱਥ ਹਨ, ਜਿਸ ਲਈ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿੱਚ ਪਰਿਵਾਰ ਦੀ ਮੱਦਦ ਕੀਤੀ ਜਾਵੇ।