ਬਰਨਾਲਾ ਵਿੱਚ ਭਿਆਨਕ ਕਾਰ ਹਾਦਸਾ ਬਰਨਾਲਾ: ਬੀਤੀ ਦੇਰ ਰਾਤ ਬਰਨਾਲਾ ਸ਼ਹਿਰ ਦੇ ਨਾਨਕਸਰ ਰੋਡ ਨੇੜੇ ਇੱਕ ਬੇਕਾਬੂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ ਵਿੱਚ 4 ਨੌਜਵਾਨ ਸਵਾਰ ਸਨ। ਜਿਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਇੱਕ ਖਾਲੀ ਪਲਾਟ ਦੀ ਕੰਧ ਨਾਲ ਜਾ ਟਕਰਾਈ। ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਬਾਕੀ ਨੌਜਵਾਨਾਂ ਨੂੰ ਆਸ-ਪਾਸ ਦੇ ਲੋਕਾਂ ਨੇ ਕਾਰ 'ਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਜਿਥੇ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਲਾਜ ਲਈ ਡੀ.ਐੱਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਤੇਜ਼ ਰਫ਼ਤਾਰ ਕਾਰਨ ਹੋਇਆ ਹਾਦਸਾ: ਇਸ ਘਟਨਾ ਦੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਹ ਕਾਰ ਸ਼ਹਿਰ ਦੇ ਆਈਟੀਆਈ ਚੌਂਕ ਵਾਲੇ ਪਾਸੇ ਤੋਂ ਆ ਰਹੀ ਸੀ। ਕਰੀਬ ਰਾਤ 12 ਵਜੇ ਇਹ ਭਿਆਨਕ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਹੈ। ਉਨ੍ਹਾਂ ਦੱਸਿਆ ਕਿ ਗੱਡੀ ਤੇਜ਼ ਹੋਣ ਕਰਕੇ ਕਾਰ ਦੀ ਬਰੇਕ ਨਹੀਂ ਲੱਗੀ ਅਤੇ ਕਾਰ ਇੱਕ ਪਸ਼ੂ ਨਾਲ ਟਕਰਾ ਗਈ ਅਤੇ ਇਸਤੋਂ ਬਾਅਦ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ।
ਇੱਕ ਨੌਜਵਾਨ ਦੀ ਮੌਕੇ 'ਤੇ ਮੌਤ:ਉਹਨਾਂ ਕਿਹਾ ਕਿ ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਜਿਹਨਾਂ ਵਿੱਚੋਂ ਗਗਨਦੀਪ ਸਿੰਘ ਨਾਮ ਦੇ ਇੱਕ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦਕਿ ਕਾਰ ਚਾਲਕ ਨੂੰ ਕੁਝ ਸੱਟਾਂ ਜ਼ਰੂਰ ਆਈਆਂ ਹਨ। ਕਾਰ 'ਚ ਸਵਾਰ ਇੱਕ ਨੌਜਵਾਨ ਠੀਕ ਸੀ, ਜਦਕਿ ਇੱਕ ਹੋਰ ਦੀ ਹਾਲਤ ਕਾਫ਼ੀ ਗੰਭੀਰ ਸੀ। ਜਿੰਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਗੱਡੀ ਅੱਗੇ ਆਇਆ ਅਵਾਰਾ ਪਸ਼ੂ: ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਗੱਡੀ ਤੇਜ਼ ਹੋਣ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੱਡੀ ਪਸ਼ੂ 'ਚ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਗਈ, ਜਿਸ ਤੋਂ ਬਾਅਦ ਇਹ ਹਾਦਸਾ ਹੋਇਆ ਹੈ ਤੇ ਇੱਕ ਨੌਜਵਾਨ ਦੀ ਮੌਤ ਹੋਈ ਹੈ।
ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ:ਇਸ ਮੌਕੇ 'ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਡਿਊਟੀ ਅਫਸਰ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਰਖਵਾ ਕੇ ਜ਼ਖਮੀਆਂ ਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਅਤੇ 174 ਦੀ ਕਾਰਵਾਈ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ।