ਬਰਨਾਲਾ:ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਦੀ ਗ੍ਰਾਮ ਪੰਚਾਇਤ ਨੇ ਚੌਗਿਰਦੇ ਦੀ ਸੰਭਾਲ ਲਈ ਉਦਮ ਕਰਦੇ ਹੋਏ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਸੰਕਲਪ ਲੈਂਦਿਆਂ 'ਪਲਾਸਟਿਕ ਕੂੜਾ ਲਿਆਓ, ਗੁੜ-ਖੰਡ ਲੈ ਜਾਓ' ਦਾ ਨਾਅਰਾ ਦਿੱਤਾ ਹੈ। ਪਿੰਡ ਦੀ ਸੱਥ ਵਿੱਚ ਕੀਤੇ ਗਏ ਆਮ ਇਜਲਾਸ ਵਿੱਚ ਪਿੰਡ ਦੀ ਵਿਉਂਤਬੰਦੀ ਦਾ ਖਾਕਾ ਗ੍ਰਾਮ ਸਭਾ ਦੇ ਮੈਂਬਰਾਂ ਨੇ ਖੁਦ ਉਲੀਕਿਆ। ਔਰਤਾਂ ਦੀ ਭਰਵੀਂ ਹਾਜ਼ਰੀ ਵਾਲੇ ਆਮ ਇਜਲਾਸ ਦੀ ਪ੍ਰਧਾਨਗੀ ਚੇਅਰਪਰਸਨ ਸੁਖਵਿੰਦਰ ਕੌਰ ਨੇ ਕੀਤੀ। ਇਸ ਮੌਕੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ੳਐਸਡੀ ਹਸਨਪ੍ਰੀਤ ਭਾਰਦਵਾਜ ਵੀ ਹਾਜ਼ਰ ਰਹੇ।
ਪਲਾਸਟਿਕ ਮੁਕਤ ਕਰਨ ਦੇ ਉਦੇਸ਼: ਇਸ ਮੌਕੇ ਪਿੰਡ ਦੇ ਮੋਹਤਬਰ ਆਗੂ ਗਗਨਦੀਪ ਸਿੰਘ ਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੇ ਉਦੇਸ਼ ਨਾਲ ਜੋ ਪਿੰਡ ਵਾਸੀ ਪੰਚਾਇਤ ਨੂੰ ਪਲਾਸਟਿਕ ਕਚਰਾ ਦੇਣਗੇ, ਉਸ ਬਦਲੇ ਮੁਫ਼ਤ ਵਿੱਚ ਗੁੜ ਜਾਂ ਖੰਡ ਦਿੱਤੀ ਜਾਵੇਗੀ। ਸਰਬਸੰਮਤੀ ਨਾਲ ਪਾਸ ਕੀਤੇ ਗਏ ਇਸ ਕਾਰਜ ਦੀ ਸ਼ੁਰੂਆਤ 1 ਜੁਲਾਈ ਤੋਂ ਕੀਤੀ ਜਾਵੇਗੀ, ਹਰ ਤਿੰਨ ਮਹੀਨਿਆਂ ਬਾਅਦ ਲੋਕਾਂ ਤੋਂ ਪਲਾਸਟਿਕ ਕਚਰਾ ਲਿਆ ਜਾਵੇਗਾ। ਇਸ ਤੋਂ ਇਲਾਵਾ ਔਰਤਾਂ ਦੇ ਸ਼ਕਤੀਕਰਨ ਲਈ ਕਦਮ ਵਧਾਉਂਦੇ ਹੋਏ ਲਿੰਗ ਸਮਾਨਤਾ, ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹਈਆ ਕਰਨਾ, ਔਰਤਾਂ ਤੇ ਲੜਕੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਆਦਿ ਬਾਰੇ ਮਤੇ ਪਾਸ ਕੀਤੇ ਗਏ।
ਸੁੱਕੇ-ਗਿੱਲੇ ਕੂੜੇ ਲਈ ਕੂੜੇਦਾਨ: ਗੁਰਪ੍ਰੀਤ ਸਿੰਘ ਪੰਚਾਇਤ ਸਕੱਤਰ ਨੇ ਸਾਲ 2022-23 ਦੌਰਾਨ ਦਾ ਆਮਦਨ ਤੇ ਖਰਚ ਪੜ੍ਹ ਕੇ ਸੁਣਾਇਆ। ਇਸ ਤੋਂ ਇਲਾਵਾ ਆਮ ਇਜਲਾਸ ਵਿੱਚ ਪਾਸ ਕੀਤੇ ਗਏ ਮਤਿਆਂ ਵਿੱਚ ਛੱਪੜਾਂ ਦੇ ਗੰਦੇ ਪਾਣੀ ਦੇ ਹੱਲ ਲਈ ਥਾਪਰ ਮਾਡਲ ਦਾ ਨਿਰਮਾਣ ਕਰਨਾ, ਠੋਸ ਕੂੜਾ ਪ੍ਰਬੰਧਨ ਤਹਿਤ ਪਿਟ, ਸ਼ੈਡ ਤੇ ਚਾਰਦੀਵਾਰੀ, ਸੁੱਕੇ-ਗਿੱਲੇ ਕੂੜੇ ਲਈ ਕੂੜੇਦਾਨ, ਮੀਂਹ ਦੇ ਪਾਣੀ ਦੀ ਸੰਭਾਲ ਲਈ ਸਾਂਝੀਆਂ ਥਾਵਾਂ 'ਤੇ ਰੇਨ ਵਾਟਰ ਰੀਚਾਰਜ ਪਿਟ, ਕਮਿਊਨਿਟੀ ਹਾਲ ਤੇ ਲਾਇਬਰੇਰੀ ਇਮਾਰਤ ਦੀ ਉਸਾਰੀ, ਬੱਸ ਸਟੈਂਡ, ਹੈਲਥ ਡਿਸਪੈਂਸਰੀ ਦੀ ਇਮਾਰਤ, ਪਾਰਕ ਦਾ ਨਿਰਮਾਣ , ਮਹਿਲਾ ਸਭਾ ਦਾ ਗਠਨ, ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਦੀ ਚੋਣ, ਮਿੰਨੀ ਜੰਗਲ ਤੇ ਸਾਂਝੀਆਂ ਥਾਂਵਾਂ 'ਤੇ ਪੌਦੇ ਲਾਉਣਾ ਅਤੇ ਗਲੀਆਂ-ਨਾਲੀਆਂ ਦੀ ਉਸਾਰੀ ਕਰਨ ਦੇ ਮਤੇ ਸ਼ਾਮਲ ਕੀਤੇ ਗਏ।
ਸਰਬਪੱਖੀ ਵਿਕਾਸ ਲਈ ਵਚਨਬੱਧ: ਇਸ ਮੌਕੇ ੳਐਸਡੀ ਹਸਨਪ੍ਰੀਤ ਭਾਰਦਵਾਜ ਨੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਦੇ ਪ੍ਰੋਜੈਕਟਾਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਪਿੰਡਾ ਦੇ ਲੋਕ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਖੁਦ ਆਪਣੇ ਪਿੰਡ ਦੀ ਵਿਕਾਸ ਦੀ ਯੋਜਨਾ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਸਰਕਾਰ ਪਿੰਡਾਂ ਦੀ ਕਾਇਆ-ਕਲਪ ਲਈ ਸਿੱਖਿਆ, ਸਿਹਤ ਸੇਵਾਵਾਂ , ਵਾਤਾਵਰਣ ਅਤੇ ਖੇਡਾਂ ਲਈ ਆਧੁਨਿਕ ਖੇਡ ਮੈਦਾਨ ਬਣਾਉਣ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਮੰਤਰੀ ਮੀਤ ਹੇਅਰ ਦੇ ਨਿਰਦੇਸ਼ਾਂ ਤਹਿਤ ਪਿੰਡਾਂ ਨੂੰ ਵਾਤਵਰਣ ਪੱਖੀ ਯਤਨਾਂ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਕੰਮ ਕਰਨ ਦਾ ਸੰਕਲਪ:ਇਸ ਮੌਕੇ ਟਿਕਾਊ ਵਿਕਾਸ ਦੇ 9 ਟੀਚਿਆਂ ਬਾਰੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ। ਸਭਾ ਦੇ ਮੈਂਬਰਾਂ ਨੇ ਟਿਕਾਊ ਵਿਕਾਸ ਦੇ ਦੋ ਥੀਮ "ਚੰਗੇ ਸ਼ਾਸਨ ਵਾਲਾ ਪਿੰਡ" ਅਤੇ "ਮਹਿਲਾਵਾਂ ਦੇ ਅਨੁਕੂਲ ਪਿੰਡ ਦੇ ਟੀਚਿਆਂ 'ਤੇ" ਕੰਮ ਕਰਨ ਦਾ ਸੰਕਲਪ ਲਿਆ। ਗ੍ਰਾਮ ਸਭਾ ਦੇ ਇਜਲਾਸ ਵਿੱਚ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਵਿਭਾਗਾਂ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ।