ਬਰਨਾਲਾ:ਜ਼ਿਲ੍ਹਾ ਬਰਨਾਲਾ ਵਿੱਚ ਝੋਨੇ ਦੀ ਲਵਾਈ ਚੱਲ ਰਹੀ ਹੈ। ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 66 ਫੀਸਦੀ ਝੋਨੇ ਦੀ ਲਵਾਈ ਮੁਕੰਮਲ ਹੋ ਗਈ ਹੈ। ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਰਸਾਇਣਕ ਦੀ ਥਾਂ ਜੈਵਿਕ ਖਾਦ ਦੀ ਵਰਤੋਂ ਲਈ ਸਲਾਹ ਦੇ ਰਿਹਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਜੈਵਿਕ ਖਾਦਾਂ ਨੂੰ ਤਰਜੀਹ ਦੇਣ ਦੀ ਸਲਾਹ :ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 1.10 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਹੇਠ ਹੈ ਜਿਸ ਵਿਚੋਂ 77000 ਹੈਕਟੇਅਰ ਰਕਬੇ (66 ਫ਼ੀਸਦੀ) 'ਚ ਝੋਨੇ ਦੀ ਲੁਆਈ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਵਿੱਚ ਰਸਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਹੀ ਕੀਤੀ ਜਾਵੇ, ਜਿਹੜੇ ਖੇਤਾਂ ਦੀ ਮਿੱਟੀ ਪਰਖ ਨਹੀਂ ਕਰਵਾਈ ਗਈ ਤਾਂ ਉਹਨਾਂ ਖੇਤਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ 42 ਕਿਲੋ ਨਾਈਟ੍ਰੋਜਨ, 12 ਕਿਲੋ ਫਾਸਫੋਰਸ, 12 ਕਿਲੋ ਪੋਟਾਸ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਗਈ ਹੈ।
ਇਸ ਦੀ ਪੂਰਤੀ ਲਈ ਖਾਦਾਂ ਵਿੱਚ 90 ਕਿਲੋ ਨਿੰਮ ਯੂਰੀਆ, 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾ ਸਕਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਫਾਸਫੋਰਸ ਅਤੇ ਪੋਟਾਸ਼ ਦੀ ਵਰਤੋਂ ਤਾਂ ਹੀ ਕੀਤੀ ਜਾਵੇ ਜੇਕਰ ਮਿੱਟੀ ਪਰਖ ਕਾਰਡ ਵਿੱਚ ਇਸ ਦੀ ਘਾਟ ਹੋਵੇ। ਇਸ ਤੋਂ ਇਲਾਵਾ ਜਿੱਥੇ ਕਣਕ ਨੂੰ ਸਿਫਾਰਸ਼ ਕੀਤੀ ਮਾਤਰਾ ਵਿੱਚ ਫਾਸਫੋਰਸ ਦੀ ਖਾਦ ਪਾਈ ਹੋਵੇ, ਉਨ੍ਹਾਂ ਖੇਤਾਂ ਵਿੱਚ ਫਾਸਫੋਰਸ ਖਾਦ ਪਾਉਣ ਦੀ ਜਰੂਰਤ ਨਹੀਂ ਹੈ।