ਬਰਨਾਲਾ:ਇੱਕ ਪਾਸੇ ਸਰਕਾਰਾਂ ਤੇ ਪੁਲਿਸ ਵਲੋਂ ਲਗਾਤਾਰ ਠੱਗੀ ਮਾਰਨ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ ਤਾਂ ਦੂਜੇ ਪਾਸੇ ਇਸ ਦੇ ਬਾਵਜੂਦ ਰੋਜ਼ਾਨਾ ਠੱਗੀ ਦੇ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਢੰਗਾਂ ਨਾਲ ਠੱਗੀਆਂ ਦਾ ਦੌਰ ਲਗਾਤਾਰ ਜਾਰੀ ਹੈ। ਲਾਟਰੀਆਂ, ਵਿਦੇਸ਼ ਭੇਜਣ ਅਤੇ ਸਰਕਾਰੀ ਨੌਕਰੀ ਦਿਵਾਉਣ ਦੇ ਨਾਮ 'ਤੇ ਠੱਗੀ ਮਾਰਨ ਦੇ ਮਾਮਲੇ ਆਮ ਹੀ ਖਬਰਾਂ ਦਾ ਸ਼ਿੰਗਾਰ ਬਣ ਰਹੇ ਹਨ।
ਤਿੰਨ ਲੋਕਾਂ ਨੂੰ ਧੋਖਾਧੜੀ ਦਾ ਬਣਾਇਆ ਸ਼ਿਕਾਰ:ਇਸ ਤਰ੍ਹਾਂ ਠੱਗੀ ਦਾ ਇੱਕ ਹੋਰ ਨਵਾਂ ਮਾਮਲਾ ਜੋ ਸਾਹਮਣੇ ਆਇਆ ਹੈ, ਉਹ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਨਾਲ ਸਬੰਧਿਤ ਹੈ। ਜਿੱਥੇ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਮ ਉਪਰ ਬਰਨਾਲਾ ਦੇ ਤਿੰਨ ਵਿਅਕਤੀਆਂ ਤੋਂ 45 ਲੱਖ ਰੁਪਏ ਠੱਗੇ ਗਏ ਹਨ। ਮੁਲਜ਼ਮਾਂ ਨੇ 3 ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਉਨ੍ਹਾਂ ਨੇ ਸ਼ਿਕਾਇਤਕਰਤਾ ਦੇ ਬੱਚਿਆਂ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ, ਜਿਸ ਤੋਂ ਬਾਅਦ ਨਾ ਤਾਂ ਪੁਲਿਸ ਵਿੱਚ ਭਰਤੀ ਕਰਵਾਇਆ ਗਿਆ ਅਤੇ ਨਾ ਹੀ ਉਹਨਾਂ ਦੇ 45 ਲੱਖ ਰੁਪਏ ਵਾਪਸ ਕੀਤੇ ਗਏ। ਜਿਸ ਤੋਂ ਬਾਅਦ ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਅਤੇ ਬਰਨਾਲਾ ਦੇ ਥਾਣਾ ਮਹਿਲ ਕਲਾਂ ਵਿਖੇ ਦੋਵਾਂ ਮੁਲਜ਼ਮਾਂ ਖਿਲਾਫ ਠੱਗੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।
ਦੋ ਮੁਲਜ਼ਮਾਂ ਖਿਲਾਫ਼ ਮਾਮਲਾ ਕੀਤਾ ਦਰਜ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮਹਿਲ ਕਲਾਂ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਗੁਰਦੇਵ ਸਿੰਘ ਵਾਸੀ ਮਹਿਲ ਖੁਰਦ ਨੇ ਬਿਆਨ ਦਰਜ਼ ਕਰਵਾਏ ਹਨ। ਜਿਸ ਦੇ ਬਿਆਨਾਂ ਦੇ ਆਧਾਰ 'ਤੇ ਰਾਮਪਾਲ ਵਾਸੀ ਮਾਨਸਾ ਅਤੇ ਰਾਜ ਕਮਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ ਠੱਗੀ ਮਾਰੀ ਹੈ।