ਬਰਨਾਲਾ:ਤਪਾ ਮੰਡੀ ਨੇੜੇ ਸੜਕ ਵਾਪਰੇ ਹਾਦਸੇ ’ਚ ਪਤੀ-ਪਤਨੀ ਅਤੇ ਬੱਚੀ ਸਮੇਤ ਚਾਰ ਦੀ ਮੌਤ ਹੋ ਗਈ। ਬਰਨਾਲਾ ਦੇ ਤਪਾ ਮੰਡੀ ਨੇੜੇ ਬਠਿੰਡਾ-ਚੰਡੀਗੜ੍ਹ ਹਾਈਵੇ ਉਪਰ ਦਰਦਨਾਕ ਹਾਦਸਾ ਵਾਪਰਿਆ। ਇਹ ਹਾਦਸਾ ਦੋ ਮੋਟਰਸਾਈਕਲਾਂ ਨੂੰ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰਨ ਕਰਕੇ ਵਾਪਿਰਆ ਹੈ। ਇਸ ਸਬੰਧਤ ਹਾਦਸੇ ਵਿੱਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਕਾਹਨੇਕੇ ਦੇ ਇੱਕ ਪਰਿਵਾਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ। ਪਰਿਵਾਰ ਮੁਖੀ ਚਮਕੌਰ ਸਿੰਘ ਆਪਣੀ ਪਤਨੀ ਅਤੇ ਬੇਟੀ ਨਾਲ ਬਾਈਕ 'ਤੇ ਸਵਾਰ ਹੋ ਕੇ ਤਪਾ ਤੋਂ ਆਪਣੇ ਪਿੰਡ ਆ ਰਿਹਾ ਸੀ। ਰਸਤੇ 'ਚ ਇਕ ਕਾਰ ਨੇ ਉਸ ਦੀ ਬਾਈਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਨਾਲ ਪਰਿਵਾਰ ਦੇ ਤਿੰਨੋਂ ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਤੇਜ਼ ਰਫ਼ਤਾਰ ਕਾਰ ਨੇ ਮਾਰੀ ਦੋ ਮੋਟਰਸਾਈਕਲਾਂ ਨੂੰ ਟੱਕਰ, ਚਾਰ ਲੋਕਾਂ ਦੀ ਮੌਤ - ਬਠਿੰਡਾ ਚੰਡੀਗੜ੍ਹ ਹਾਈਵੇ ਉਪਰ ਦਰਦਨਾਕ ਹਾਦਸਾ
ਬਰਨਾਲਾ ਦੀ ਤਪਾ ਮੰਡੀ ਨਜ਼ਦੀਕ ਉਸ ਸਮੇਂ ਤੇਜ਼ ਰਫ਼ਤਾਰੀ ਦਾ ਕਹਿਰ ਦੇਖਣ ਨੂੰ ਮਿਲਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦਰਦਨਾਕ ਹਾਦਸੇ ਵਿੱਚ ਪਤੀ-ਪਤਨੀ ਸਮੇਤ ਕੁੱਲ੍ਹ 4 ਜਣਿਆਂ ਦੀ ਮੌਤ ਹੋ ਗਈ।
ਅਣਜੰਮੇ ਬੱਚੇ ਦੀ ਵੀ ਮੌਤ: ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਮਾਰੀ ਗਈ ਚਮਕੌਰ ਸਿੰਘ ਦੀ ਪਤਨੀ ਗਰਭਵਤੀ ਸੀ ਅਤੇ ਅਣਜੰਮੇ ਬੱਚੇ ਦੀ ਵੀ ਮੌਤ ਹੋ ਗਈ ਸੀ। ਉੱਧਰ ਦੂਜੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਪਿੰਡ ਕੱਟੂ ਵਾਸੀ ਬੇਅੰਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਬਠਿੰਡਾ ਸਾਈਡ ਤੋਂ ਆ ਰਿਹਾ ਸੀ ਤਾਂ ਪਿੱਛੇ ਤੋਂ ਆਈ ਬਰੇਜ਼ਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਦੋਵੇਂ ਮੋਟਰਸਾਈਕਲਾਂ ਨੂੰ ਬੇਕਾਬੂ ਹੋ ਕੇ ਤੇਜ਼ ਰਫਤਾਰ ਨਾਲ ਇੱਕੋ ਕਾਰ ਵੱਲੋਂ ਟੱਕਰ ਮਾਰੀ ਗਈ ਹੈ। ਉਨ੍ਹਾਂ ਹਾਦਸੇ ਲਈ ਜ਼ਿੰਮੇਵਾਰ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਚਸ਼ਮਦੀਦ ਨੇ ਦੱਸੀ ਹਕੀਕਤ:ਇਸ ਮੌਕੇ ਚਸ਼ਮਦੀਦ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਦੇ ਸਾਹਮਣੇ ਹਾਈਵੇਅ 'ਤੇ ਵਾਪਰਿਆ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਹਾਦਸੇ ਤੋਂ ਬਾਅਦ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ, ਪਰ ਮੌਕੇ 'ਤੇ ਖੜ੍ਹੇ ਲੋਕਾਂ ਨੇ ਜ਼ਖਮੀਆਂ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਵੀ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਉਣਾ ਠੀਕ ਨਹੀਂ ਸਮਝਿਆ। ਜਦ ਕਿ ਉਸ ਨੇ ਜ਼ਖਮੀਆਂ ਨੂੰ ਬਚਾਉਣ ਲਈ ਇਕ ਘੰਟੇ ਤੱਕ ਕੋਸ਼ਿਸ਼ ਕੀਤੀ। ਕਾਫੀ ਦੇਰ ਬਾਅਦ ਐਂਬੂਲੈਂਸ ਆਈ ਅਤੇ ਇਨ੍ਹਾਂ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਦ ਕਿ ਉਦੋਂ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਸੀ।
ਕਾਰ ਚਾਲਕ ਹਿਰਾਸਤ ਵਿੱਚ: ਇਸ ਸਬੰਧੀ ਥਾਣਾ ਤਪਾ ਮੰਡੀ ਦੇ ਐੱਸਐੱਚਓ ਕਰਨ ਸ਼ਰਮਾ ਨੇ ਦੱਸਿਆ ਕਿ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ 'ਤੇ ਇੱਕ ਤੇਜ਼ ਰਫ਼ਤਾਰ ਬਰੇਜ਼ਾ ਕਾਰ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਅਤੇ ਇਸ ਕਾਰਨ ਉਸ ਨੇ ਪਹਿਲਾਂ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਉਪਰ 3 ਲੋਕ ਸਵਾਰ ਸਨ ਅਤੇ ਫਿਰ ਇੱਕ ਹੋਰ ਬਾਈਕ ਜਿਸ ਉੱਤੇ ਇੱਕ ਵਿਅਕਤੀ ਸਵਾਰ ਸੀ ਉਸ ਨੂੰ ਵੀ ਲਪੇਟ ਵਿੱਚ ਲੈ ਲਿਆ। ਦੋਵਾਂ ਮੋਟਰਸਾਈਕਲਾਂ 'ਤੇ ਸਵਾਰ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਕਾਰ ਚਾਲਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਲਾਸਰ ਤੋਂ ਬਰਨਾਲਾ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਦੱਸਿਆ ਕਿ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰ ਅਤੇ ਚਾਲਕ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।