ਬਰਨਾਲਾ:ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਵੱਖ ਵੱਖ ਸੇਵਾਵਾਂ ਇੱਕੋ ਛੱਤ ਥੱਲੇ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਬਰਨਾਲਾ ਵਿੱਚ 11 ਸੇਵਾ ਕੇਂਦਰਾਂ ਰਾਹੀਂ 332 ਕਿਸਮ ਦੀਆਂ ਸੇਵਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ, ਜੋ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰੰਘ ਫੂਲਕਾ ਨੇ ਦੱਸਿਆ ਕਿ ਨਵੇਂ ਡਿਜੀਟਲ ਯੁੱਗ ਵਿੱਚ ਵੱਖ ਵੱਖ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ ਅਤੇ ਕਾਰਗਰ ਬਣਾਉਣ ਲਈ ਸੇਵਾ ਕੇਂਦਰ ਬੇਹੱਦ ਸਹਾਈ ਹੋ ਰਹੇ ਹਨ। ਜਿੱਥੇ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਇੱਕੋ ਛੱਤ ਥੱਲੇ ਅਪਲਾਈ ਕੀਤਾ ਜਾਂਦਾ ਹੈ। ਇਸ ਨਾਲ ਜਿੱਥੇ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਮਿਲਦੀਆਂ ਹਨ। ਉਥੇ ਖੱਜਲ-ਖੁਆਰੀ ਵੀ ਘਟਦੀ ਹੈ। ਉਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਜਿੱਥੇ 516 ਸੇਵਾ ਕੇਂਦਰ ਸੇਵਾਵਾਂ ਦੇ ਰਹੇ ਹਨ। ਉਥੇ ਜ਼ਿਲ੍ਹਾਂ ਬਰਨਾਲਾ ਵਿੱਚ 11 ਸੇਵਾ ਕੇਂਦਰ ਸੇਵਾਵਾਂ ਦੇ ਰਹੇ ਹਨ।
ਇਨਾਂ ਵਿਚ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਸਥਿਤ ਸੇਵਾ ਕੇਂਦਰ, ਪ੍ਰੇਮ ਪ੍ਰਧਾਨ ਮਾਰਕੀਟ ਨੇੜਲਾ ਸੇਵਾ ਕੇਂਦਰ, ਵਾਟਰ ਵਰਕਸ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘੇੜਾ (ਬਰਨਾਲਾ), ਆਈਟੀਆਈ ਚੌਕ ਬਰਨਾਲਾ, ਹੰਡਿਆਇਆ, ਸਿਵਲ ਹਸਪਤਾਲ ਧਨੌਲਾ ਨੇੜਲਾ ਸੇਵਾ ਕੇਂਦਰ, ਐਸਡੀਐਮ ਦਫਤਰ ਤਪਾ, ਵੈਟਰਨਰੀ ਹਸਪਤਾਲ ਤਪਾ, ਸਬ ਤਹਿਸੀਲ ਭਦੌੜ, ਪਿੰਡ ਧੂਰਕੋਟ ਤੇ ਮਹਿਲ ਕਲਾਂ ਸੇਵਾ ਕੇਂਦਰ ਸ਼ਾਮਲ ਹਨ।
ਉਨਾਂ ਦੱਸਿਆ ਕਿ ਇਨਾਂ ਸੇਵਾ ਕੇਂਦਰਾਂ ਵਿੱਚ ਅਸਲੇ ਨਾਲ ਸਬੰਧਤ ਸੇਵਾਵਾਂ, ਆਧਾਰ ਕਾਰਡ ਨਾਲ ਸਬੰਧਿਤ, ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ ਸਬੰਧੀ, ਜਨਮ ਅਤੇ ਮੌਤ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਪੇਂਡੂ ਖੇਤਰ ਸਰਟੀਫਿਕੇਟ, ਪੈਨਸ਼ਨ ਸਬੰਧੀ ਸਕੀਮਾਂ ਲਈ ਤੇ ਕਿਰਤ ਵਿਭਾਗ ਦੀਆਂ ਸਕੀਮਾਂ ਲਈ ਰਜਿਸਟ੍ਰੇਸ਼ਨ, ਈ-ਕੋਰਟ ਸਰਵਿਸ, ਟਰਾਂਸਪੋਰਟ ਵਿਭਾਗ ਨਾਲ ਸਬੰਧਤ 39 ਤਰ੍ਹਾਂ ਦੀਆਂ ਸੇਵਾਵਾਂ, ਸਾਂਝ ਕੇਂਦਰ ਦੀਆਂ ਸੇਵਾਵਾਂ ਸਣੇ 332 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਸੇਵਾ ਕੇਂਦਰ ਜ਼ਿਲ੍ਹਾਂ ਇੰਚਾਰਜ ਰਮਨਦੀਪ ਸਿੰਘ ਸਿੱਧੂ ਨੇ ਦੱਸਿਆ, ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਜਨਵਰੀ ਤੋਂ ਜੁਲਾਈ 2021 ਤੱਕ 97,902 ਅਰਜ਼ੀਆਂ ਸਿਟੀਜ਼ਨ ਸੇਵਾ ਲਈ ਪ੍ਰਾਪਤ ਹੋਈਆਂ ਹਨ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਹੈ ਅਤੇ ਇਹ ਕੇਂਦਰ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਸੇਵਾਵਾਂ ਦੇਣ ਲਈ ਖੁੱਲ੍ਹੇ ਰਹਿੰਦੇ ਹਨ।
ਇਸ ਮੌਕੇ ਸ਼ੀਲਾ ਰਾਣੀ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਵੱਲੋਂ ਆਧਾਰ ਕਾਰਡ ਵਿੱਚ ਜਨਮ ਮਿਤੀ ਦੀ ਦਰੁਸਤੀ ਲਈ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਸਥਿਤ ਸੇਵਾ ਕੇਂਦਰ ਵਿਖੇ ਅਪਲਾਈ ਕੀਤਾ ਗਿਆ ਸੀ। ਇਹ ਦਰੁਸਤੀ ਕਿਰਤ ਵਿਭਾਗ ਦੀ ਸਕੀਮ ਲਈ ਲੋੜੀਂਦੀ ਸੀ। ਉਸ ਨੇ ਦੱਸਿਆ ਕਿ ਸੇਵਾ ਕੇਂਦਰ ਵਿੱਚ ਅਲਾਈ ਕਰ ਕੇ ਜਿੱਥੇ ਉਸ ਦੇ ਆਧਾਰ ਕਾਰਡ ਵਿੱਚ ਸੋਧ ਹੋ ਗਈ, ਉਥੇ ਕਿਰਤ ਵਿਭਾਗ ਦੀ ਸਕੀਮ ਅਧੀਨ ਵੀ ਰਜਿਸਟ੍ਰੇਸ਼ਨ ਹੋ ਗਈ।
ਇਹ ਵੀ ਪੜ੍ਹੋ:- ਪਾਕਿਸਤਾਨੀ ਐਥਲੀਟ ਨੇ ਵੀ ਮੰਨਿਆ 'ਨੀਰਜ ਚੋਪੜਾ' ਦਾ ਲੋਹਾ