ਬਰਨਾਲਾ: ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਬਰਨਾਲਾ ਜ਼ਿਲ੍ਹੇ ਵਿੱਚ 30 ਪਾਰਕ ਬਣਾਏ ਜਾ ਰਹੇ ਹਨ। ਜ਼ਿਲ੍ਹੇ ਨੂੰ ਖੇਡ ਸਹੂਲਤਾਂ ਨਾਲ ਲੈਸ ਕਰਨ ਲਈ ਕਰੀਬ 10 ਕਰੋੜ ਦੀ ਲਾਗਤ ਵਾਲਾ 'ਖੇਡ ਪਾਰਕ' ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈਏਐੱਸ ਨੇ ਦੱਸਿਆ ਕਿ ਇਸ ਤਹਿਤ ਪਹਿਲੇ ਪੜਾਅ ਵਿੱਚ ਜ਼ਿਲ੍ਹੇ ਦੇ 30 ਪਿੰਡਾਂ ਵਿੱਚ ਖੇਡ ਪਾਰਕ ਬਣਾਏ ਜਾ ਰਹੇ ਹਨ।
ਜਿਸ ਤਹਿਤ ਉਥੋਂ ਦੇ ਖੇਡ ਮੈਦਾਨਾਂ ’ਚ ਟਰੈਕ, ਘਾਹ, ਫਲੱਡ ਲਾਈਟਾਂ, ਓਪਨ ਜਿਮ, ਝੂਲੇ, ਫੁਹਾਰਾ ਸਿੰਜਾਈ ਸਿਸਟਮ, ਵਾਲੀਬਾਲ ਮੈਦਾਨ, ਚਾਰਦੀਵਾਰੀ ਜਾਂ ਹੋਰ ਲੋੜੀਂਦੇ ਕੰਮ ਕਰਵਾਏ ਜਾਣਗੇ। ਉੱਤੇ ਹੀ ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਦੇ 30 ਖੇਡ ਪਾਰਕਾਂ ਲਈ ਕਰੀਬ 10 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਹ ਫੰਡ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਅਖਤਿਆਰੀ ਫੰਡ ’ਚੋਂ, 15ਵੇਂ ਵਿੱਤ ਕਮਿਸ਼ਨਰ ’ਚੋਂ ਤੇ ਮਗਨਰੇਗਾ ’ਚੋਂ ਖਰਚੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਭੈਣੀ ਮਹਿਰਾਜ ’ਚ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਬਾਕੀ ਪਿੰਡਾਂ ’ਚ ਛੇਤੀ ਸ਼ੁਰੂ ਹੋ ਜਾਵੇਗਾ।